/ Jun 22, 2025
Trending
ਸਰੀ, 9 ਜਨਵਰੀ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਪ੍ਰਸਿੱਧ ਸ਼ਾਇਰ ਬਲਦੇਵ ਸੀਹਰਾ ਦੇ ਗ਼ਜ਼ਲ ਸੰਗ੍ਰਹਿ ‘ਖ਼ਾਲੀ ਬੇੜੀਆਂ’ ਲੋਕ ਅਰਪਣ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਲ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਮਵਰ ਗ਼ਜ਼ਲਗੋ ਜਸਵਿੰਦਰ ਅਤੇ ਸ਼ਾਇਰ ਬਲਦੇਵ ਸੀਹਰਾ ਨੇ ਕੀਤੀ।
ਮੰਚ ਸੰਚਾਲਨ ਕਰਦਿਆਂ ਸ਼ਾਇਰ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸਮੁੱਚੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਵੈਨਕੂਵਰ ਵਿਚਾਰ ਮੰਚ ਦੇ ਬੁਲਾਰੇ ਅਤੇ ਨਾਮਵਰ ਆਰਟਿਸਟ ਜਰਨੈਲ ਸਿੰਘ ਨੇ ਵੈਨਕੂਵਰ ਵਾਰ ਮੰਚ ਦੀ ਸਥਾਪਤੀ, ਇਸ ਦੇ ਉਦੇਸ਼ ਅਤੇ ਕਾਰਜਾਂ ਬਾਰੇ ਚਾਨਣਾ ਪਾਇਆ। ਉਪਰੰਤ ਬਲਰਾਜ ਬਾਸੀ ਨੇ ‘ਖ਼ਾਲੀ ਬੇੜੀਆਂ’ ਪੁਸਤਕ ਵਿੱਚੋਂ ਇਕ ਗ਼ਜ਼ਲ ਆਪਣੀ ਸੁਰੀਲੀ ਆਵਾਜ਼ ਪੇਸ਼ ਕੀਤੀ- ‘ਅੱਖਾਂ ਦੇ ਸਾਗਰ ਦੇ ਵਿਚ ਲੁਕਿਆ ਕੋਈ ਪਾਰਾ ਹੈ,ਅੰਬਰ ਤੋਂ ਜੋ ਟੁੱਟਿਆ ਹੋਇਆ ਮੇਰੀ ਅੱਖ ਦਾ ਤਾਰਾ ਹੈ’।
ਪੁਸਤਕ ‘ਖ਼ਾਲੀ ਬੇੜੀਆਂ’ ਉਪਰ ਪ੍ਰਸਿੱਧ ਸ਼ਾਇਰ, ਨਾਵਲਕਾਰ ਅਤੇ ਆਲੋਚਕ ਰਾਜਵੰਤ ਰਾਜ ਨੇ ਆਪਣਾ ਪਰਚਾ ਪੜ੍ਹਿਆ। ਰਾਜਵੰਤ ਰਾਜ ਨੇ ਕਿਹਾ ਕਿ ਬਲਦੇਵ ਸੀਹਰਾ ਦਾ ਇਹ ਚੌਥਾ ਗ਼ਜ਼ਲ ਸੰਗ੍ਰਹਿ ਹੈ ਅਤੇ ਪਹਿਲੇ ਗ਼ਜ਼ਲ ਸੰਗ੍ਰਹਿ ਵਾਂਗ ਹੀ ਇਹ ਵੀ ਮੁਹੱਬਤ ਦੀ ਪਰਕਰਮਾ ਕਰਦਾ ਹੈ। ਉਹ ਹਰ ਗ਼ਜ਼ਲ ਵਿਚ ਹੀ ਇਸ਼ਕ ਦੀ ਜ਼ਿਆਰਤ ਕਰਦਾ ਨਜ਼ਰ ਆਉਂਦਾ ਹੈ। ਉਸ ਦੇ ਬਹੁਤੇ ਸ਼ਿਅਰ ਤਾਂਘ, ਵਸਲ, ਵਿਛੋੜਾ, ਬੇਵਫ਼ਾਈ, ਮਜਬੂਰੀ ਦੇ ਰੰਗਾਂ ਵਿਚ ਰੰਗੇ ਹੋਏ ਹਨ। ਮੁਹੱਬਤ ਤੋਂ ਇਲਾਵਾ ਇਸ ਗ਼ਜ਼ਲ ਸੰਗ੍ਰਹਿ ਵਿਚ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਬਲਦੇਵ ਸੀਹਰਾ ਨੇ ਆਪਣੀ ਸ਼ਾਇਰੀ ਵਿਚ ਸ਼ਾਮਲ ਕੀਤਾ ਹੈ। ਅਜੋਕੇ ਸਿਆਸਤਦਾਨਾਂ ਦੇ ਕਿਰਦਾਰ, ਆਪਣੀ ਮਾਤ ਭੂਮੀ ਦਾ ਹੇਰਵਾ, ਕਿਸਾਨੀ ਦੀ ਮੰਦਹਾਲੀ, ਆਮ ਮਨੁੱਖ ਦੀਆਂ ਸਮੱਸਿਆਵਾਂ, ਮਜਬੂਰੀਆਂ, ਧਾਰਮਿਕ ਪਾਖੰਡੀਆਂ ਦੇ ਕਿਰਦਾਰ ਵੀ ਬਲਦੇਵ ਦੀ ਸ਼ਾਇਰੀ ਦਾ ਹਿੱਸਾ ਬਣੇ ਹਨ।
ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਵੀ ਪੁਸਤਕ ਦੀ ਭੂਮਿਕਾ ਵਿਚ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਜਸਵਿੰਦਰ ਅਤੇ ਗੁਰਦਿਆਲ ਰੌਸ਼ਨ ਵੱਲੋਂ ਬਲਦੇਵ ਸੀਹਰਾ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਬਾਰੇ ਪ੍ਰਗਟ ਕੀਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਵਿਚਾਰਾਂ ਤੋਂ ਬਲਦੇਵ ਸੀਹਰਾ ਦੀ ਹਰਮਨ ਪਿਆਰੀ ਸ਼ਖ਼ਸੀਅਤ ਅਤੇ ਸ਼ਾਇਰੀ ਦੇ ਦਰਸ਼ਨ ਹੋ ਜਾਂਦੇ ਹਨ। ਡਾ. ਹਰਜੋਤ ਕੌਰ ਖਹਿਰਾ ਨੇ ਕਿਹਾ ਕਿ ਬਲਦੇਵ ਸੀਹਰਾ ਨੇ ਆਪਣੀ ਸ਼ਾਇਰੀ ਰਾਹੀਂ ਅਜੋਕੇ ਕਾਰਪੋਰੇਟ ਜਗਤ ਵਿਚ ਆਮ ਇਨਸਾਨ ਦੀ ਸੰਵੇਦਨਾ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਗ਼ਜ਼ਲ ਅਤੇ ਕਵਿਤਾ ਬਾਰੇ ਗੰਭੀਰ ਨੁਕਤੇ ਸਾਂਝੇ ਕੀਤੇ ਅਤੇ ਬਲਦੇਵ ਸੀਹਰਾ ਨੂੰ ‘ਖ਼ਾਲੀ ਬੇੜੀਆਂ’ ਲਈ ਮੁਬਾਰਕਬਾਦ ਦਿੱਤੀ।
ਗ਼ਜ਼ਲ ਮੰਚ ਦੇ ਸ਼ਾਇਰਾਂ ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ, ਪ੍ਰੀਤ ਮਨਪ੍ਰੀਤ ਅਤੇ ਬਿੰਦੂ ਮਠਾੜੂ ਨੇ ਬਲਦੇਵ ਸੀਹਰਾ ਦੀ ਨਿਮਰ ਅਤੇ ਪਿਆਰੀ ਸ਼ਖ਼ਸੀਅਤ ਬਾਰੇ ਵਿਚਾਰ ਪੇਸ਼ ਕਰਦਿਆਂ ਉਸ ਦੀ ਸ਼ਾਇਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲਬਾਤ ਕੀਤੀ। ਗੁਲਾਟੀ ਪਬਲਿਸ਼ਰਜ਼ ਸਰੀ ਦੇ ਸੰਚਾਲਕ ਅਤੇ ਪ੍ਰਸਿੱਧ ਸ਼ਾਇਰ ਸਤੀਸ਼ ਗੁਲਾਟੀ, ਸ਼ਾਇਰ ਇੰਦਰਜੀਤ ਧਾਮੀ, ਜਸਵੀਰ ਭਲੂਰੀਆ, ਖੁਸ਼ਹਾਲ ਗਲੋਟੀ ਨੇ ਵੀ ਬਲਦੇਵ ਸੀਹਰਾ ਨੂੰ ਇਸ ਗ਼ਜ਼ਲ ਸੰਗ੍ਰਹਿ ਲਈ ਵਧਾਈ ਦਿੱਤੀ।
ਬਲਦੇਵ ਸੀਹਰਾ ਨੇ ਇਸ ਪੁਸਤਕ ਲਈ ਸਹਿਯੋਗ ਦੇਣ ਵਾਲੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਰਾਜਵੰਤ ਰਾਜ ਅਤੇ ਗੁਰਦਿਆਲ ਰੌਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਆਪਣੇ ਸਾਹਿਤਕ ਅਤੇ ਸਮਾਜਿਕ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੇ ਚੋਣਵੇਂ ਸ਼ਿਅਰ ਅਤੇ ਕੁਝ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਅੰਤ ਵਿਚ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਪੁਸਤਕ ਉੱਪਰ ਹੋਈ ਸਮੁੱਚੀ ਵਿਚਾਰ ਚਰਚਾ ਨੂੰ ਬਹੁਤ ਹੀ ਸਾਰਥਿਕ ਦੱਸਿਆ ਅਤੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ‘ਖ਼ਾਲੀ ਬੇੜੀਆਂ’ ਨੂੰ ਬਹੁਤ ਹੀ ਖੂਬਸੂਰਤ ਸ਼ਾਇਰੀ ਦਾ ਗੁਲਦਸਤਾ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਮੁਹੱਬਤ ਦੇ ਨਾਲ ਨਾਲ ਚਿੰਤਨ ਵੀ ਕਾਫੀ ਹੈ ਜੋ ਕਿ ਬਲਦੇਵ ਸੀਹਰਾ ਦੇ ਇਕ ਪ੍ਰੋਢ ਸ਼ਾਇਰ ਹੋਣ ਦਾ ਪ੍ਰਮਾਣ ਹੈ। ਬਲਦੇਵ ਸੀਹਰਾ ਦਾ ਵਿਸ਼ਾਲ ਸ਼ਾਬਦਿਕ ਭੰਡਾਰ, ਜ਼ਿੰਦਗੀ ਦਾ ਵਸੀਹ ਗਿਆਨ ਅਤੇ ਤਜਰਬਾ ਉਸ ਦੇ ਸ਼ਿਅਰਾਂ ਵਿਚ ਰੂਪਮਾਨ ਹੋਇਆ ਹੈ। ਇਹ ਸੱਚਮੁੱਚ ਪੜ੍ਹਨਯੋਗ ਅਤੇ ਮਾਣਨਯੋਗ ਕਿਤਾਬ ਹੈ। ਗ਼ਜ਼ਲ ਰਚਨਾ ਬਾਰੇ ਉੱਠੇ ਕੁਝ ਨੁਕਤਿਆਂ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਰ ਨੂੰ ਜਿਸ ਬਹਿਰ ਵਿਚ ਜ਼ਿਆਦਾ ਸੌਖ ਹੋਵੇ, ਉਹ ਸਹਿਜ ਮਹਿਸੂਸ ਕਰੇ, ਓਸੇ ਬਹਿਰ ਵਿਚ ਹੀ ਆਪਣੀ ਗੱਲ ਕਹਿਣੀ ਚਾਹੀਦੀ ਹੈ। ਕਿਸੇ ਔਖੀ ਬਹਿਰ ਵਿਚ ਜਾਂ ਫਾਰਸੀ ਦੀ ਬਹਿਰ ਲੈ ਕੇ ਕਿਸੇ ਚੌਖਟੇ ਵਿਚ ਆਪਣੇ ਵਿਚਾਰ ਫਿੱਟ ਕਰਨੇ ਕੋਈ ਸ਼ਾਇਰੀ ਨਹੀਂ ਹੋ ਸਕਦੀ, ਸ਼ਾਇਰੀ ਤਾਂ ਅੰਦਰੋਂ ਉਪਜੀ ਸੰਵੇਦਨਾ ਹੁੰਦੀ ਹੈ ਅਤੇ ਕਿਸੇ ਵੀ ਬਹਿਰ ਵਿਚ ਆ ਸਕਦੀ ਹੈ। ਜੇ ਕੋਈ ਕਹਿਦਾ ਹੈ ਕਿ ਥੋੜ੍ਹੀਆਂ ਬਹਿਰਾਂ ਵਰਤਣ ਕਰਕੇ ਵਿਚਾਰਾਂ ਦਾ ਦੁਹਰਾਓ ਹੋ ਜਾਂਦਾ ਹੈ, ਇਹ ਵੀ ਸਹੀ ਨਹੀਂ ਹੈ।
ਇਸ ਮੌਕੇ ‘ਖ਼ਾਲੀ ਬੇੜੀਆਂ’ ਪੁਸਤਕ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਮਨ ਸੀ ਸਿੰਘ, ਡਾ. ਚਰਨਜੀਤ ਸਿੰਘ, ਸ਼ਾਇਰ ਮਹਿੰਦਰਪਾਲ ਪਾਲ, ਮੋਹਨ ਬੱਚੜਾ, ਸੁਖਜੀਤ ਕੌਰ, ਕਾਮਰੇਡ ਨਵਰੂਪ ਸਿੰਘ, ਬਲਦੇਵ ਸੀਹਰਾ ਦੀ ਸੁਪਤਨੀ ਰਵਿੰਦਰ ਸੀਹਰਾ ਵੀ ਸ਼ਾਮਲ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025