/ Feb 05, 2025
Trending
ਸਰੀ, 4 ਜਨਵਰੀ (ਹਰਦਮ ਮਾਨ)-ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ‘ਸਿਰਜਣਾ ਦੇ ਆਰ ਪਾਰ’ ਅੰਤਰਰਾਸ਼ਟਰੀ ਔਨਲਾਈਨ ਪ੍ਰੋਗਰਾਮ ਵਿਚ ਸਾਲ 2023 ਦੇ ਪਹਿਲੇ ਦਿਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਹ ਜਾਣਕਾਰੀ ਦਿੰਦਿਆਂ ਪ੍ਰੋ. ਕੁਲਜੀਤ ਕੌਰ ਅਤੇ ਰਮਿੰਦਰ ਵਾਲੀਆ ਨੇ ਦੱਸਿਆ ਹੈ ਕਿ ਪ੍ਰੋਗਰਾਮ ਦੇ ਆਗਾਜ਼ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਸੀਂ ਬੜੇ ਖ਼ੁਸ਼ਕਿਸਮਤ ਹਾਂ ਕਿ ਨਵਾਂ ਸਾਲ ਡਾ. ਸੁਰਜੀਤ ਪਾਤਰ ਨਾਲ ਮਨਾ ਰਹੇ ਹਾਂ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਇਸ ਨੂੰ ਨਵੇਂ ਸਾਲ ਦੀ ਚੰਗੀ ਸ਼ੁਰੁਆਤ ਕਹਿੰਦਿਆਂ ਪਾਤਰ ਸਾਹਿਬ ਨੂੰ ਇਕ ਯੁੱਗ ਕਵੀ ਅਤੇ ਪੰਜਾਬੀ ਸਾਹਿਤ ਦਾ ਮਾਣ ਦੱਸਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪਾਤਰ ਸਾਹਿਬ ਦੀ ਗ਼ਜ਼ਲ ‘ਅਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲ ‘ਤੇ ਬਰਸਾਤ ਹੋਈ’ ਗਾ ਕੇ ਸਭ ਦਾ ਮਨ ਮੋਹ ਲਿਆ। ਉਹਨਾਂ ਨੇ ਪਾਤਰ ਸਾਹਿਬ ਦੀ ਸ਼ਾਇਰੀ ਨੂੰ ਹਰ ਉਮਰ, ਹਰ ਵਰਗ ਲਈ ਪ੍ਰੇਰਨਾਦਾਇਕ ਮੰਨਿਆ। ਪਦਮ ਸ਼੍ਰੀ ਸੁਰਜੀਤ ਪਾਤਰ ਦੀ ਜ਼ਿੰਦਗੀ, ਸ਼ਾਇਰੀ ਅਤੇ ਸਿਰਜਣਾਤਮਕ ਪਲਾਂ ਦੇ ਅਨੁਭਵ ਸਬੰਧੀ ਗੱਲਬਾਤ ਪ੍ਰੋ. ਕੁਲਜੀਤ ਕੌਰ ਨੇ ਬੜੇ ਦਿਲਚਸਪ ਅੰਦਾਜ਼ ਵਿੱਚ ਕੀਤੀ। ਉਹਨਾਂ ਪਾਤਰ ਸਾਹਿਬ ਦੇ ਸਮੁੱਚੇ ਜੀਵਨ ਸਬੰਧੀ ਇਕ ਕਵਿਤਾ ਤੋਂ ਸ਼ੁਰੂਆਤ ਕਰਦਿਆਂ ਲੋਕ ਮਨਾਂ ਵਿੱਚ ਘਰ ਕਰ ਗਈਆਂ ਪਾਤਰ ਸਾਹਿਬ ਦੀਆਂ ਕੁਝ ਤੁਕਾਂ-
‘ਏਨਾ ਸੱਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲ਼ੈ ਮੋਢਾ ਦੇਣ ਲਈ’
‘ਲੱਗੀ ਜੇ ਤੇਰੇ ਕਾਲਜੇ ਜੇ ਛੁਰੀ ਨਹੀਂ,
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ’
‘ਇੱਕ ਕੈਦ ‘ਚੋਂ ਦੂਜੀ ਕੈਦ ‘ਚ ਪੈ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵੱਟਣਾ ਮਲ ਕੇ’
ਸੁਣਾ ਕੇ ਗੱਲਬਾਤ ਦਾ ਸਿਲਸਿਲਾ ਆਰੰਭ ਕੀਤਾ।
ਪਦਮ ਸ਼੍ਰੀ ਸੁਰਜੀਤ ਪਾਤਰ ਨੇ ਸਭ ਦਰਸ਼ਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਆਪਣੇ ਕਾਵਿਕ ਸਫ਼ਰ ਦੇ ਆਰੰਭਲੇ ਦਿਨਾਂ ਵਿਚ ਆਪਣੇ ਮਾਤਾ ਪਿਤਾ ਤੋਂ ਮਿਲੇ ਪਿਆਰ, ਮਾਰਗ ਦਰਸ਼ਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸਕੂਲੀ ਦਿਨਾਂ ਵਿੱਚ ਕਾਵਿ ਰਚਨਾ ਕਰਨ ਅਤੇ ਕਾਲਜ ਵਿੱਚ ਡਾ. ਸੁਰਜੀਤ ਸਿੰਘ ਸੇਠੀ ਵੱਲੋਂ ਦਿੱਤੇ ਉਤਸ਼ਾਹ ਬਾਰੇ ਦੱਸਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਹਾਸਿਲ ਕਰ ਕੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਨੌਕਰੀ ਕਰਨ ਅਤੇ ਆਪਣੀ ਕਾਵਿ ਪੁਸਤਕਾਂ ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਹਵਾ ਵਿੱਚ ਲਿਖੇ ਹਰਫ਼, ਸੂਰਜ ਮੰਦਰ ਦੀਆਂ ਪੌੜੀਆਂ, ਸਦੀ ਦੀਆਂ ਤਰਕਾਲਾਂ, ਚੰਨ ਸੂਰਜ ਦੀ ਵਹਿੰਗੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਆਪਣੇ ਕਾਵਿ ਨਾਇਕ ਵਿੱਚ ਪਿਆਰ, ਸੁਹਜ ਅਤੇ ਪ੍ਰਗਤੀ ਦੇ ਜਜ਼ਬੇ ਬਾਰੇ ਦੱਸਿਆ। ਰਾਜਸੀ ਚੇਤਨਾ ਵਾਲੇ ਕੁਝ ਕਾਵਿ ਰੂਪ ਸਾਂਝੇ ਕੀਤੇ। ਉਹਨਾਂ ਨੇ ‘ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ‘ ਗ਼ਜ਼ਲ ਗਾ ਕੇ ਸੁਣਾਈ। ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਰੌਚਿਕ ਅਤੇ ਪ੍ਰੇਰਨਾਦਾਇਕ ਪਲ ਸਾਂਝੇ ਕਰਦਿਆਂ ਉਨ੍ਹਾਂ ਆਪਣੇ ਪੁੱਤਰ ਮਨਰਾਜ ਪਾਤਰ ਦੀ ਸੰਗੀਤਕ ਲਗਨ ਬਾਰੇ ਦੱਸਿਆ। ਇਸ ਦੌਰਾਨ ਮਨਰਾਜ ਪਾਤਰ ਵੱਲੋਂ ਰਿਕਾਰਡ ਕੀਤਾ ਗੀਤ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’ ਸਭ ਨੇ ਸੁਣਿਆ ਅਤੇ ਮਾਣਿਆ।
ਪ੍ਰਸਿੱਧ ਪੰਜਾਬੀ ਲੇਖਿਕਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਟਰਾਂਟੋ ਨੇ ਸੁਰਜੀਤ ਪਾਤਰ ਦਾ ਧੰਨਵਾਦ ਕਰਦਿਆਂ ਉਹਨਾਂ ਦੀ ਸਾਹਿਤਕ ਦੇਣ ਅਤੇ ਸੁਭਾਅ ਵਿਚਲੀ ਸਹਿਜਤਾ ਅਤੇ ਸੰਵੇਦਨਾ ਬਾਰੇ ਗੱਲ ਕੀਤੀ। ਉਹਨਾਂ ਦੀਆਂ ਲਿਖਤਾਂ ਨੂੰ ਵਿਦਿਆਰਥੀਆਂ ਅੰਦਰ ਨਵੀਂ ਚੇਤਨਾ ਪੈਦਾ ਕਰਨ ਵਾਲੀਆਂ ਦਸਦਿਆਂ ਕਿਹਾ ਕਿ ਉਹਨਾਂ ਨੂੰ ਹਰ ਪਾਠਕ ਵਰਗ ਨੇ ਹਰਮਨ ਪਿਆਰੇ ਕਵੀ ਪ੍ਰਵਾਨ ਕੀਤਾ ਹੈ। ਪਿਆਰਾ ਸਿੰਘ ਕੁੱਦੋਵਾਲ (ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾ) ਨੇ ਨਵੇਂ ਵਰ੍ਹੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਾਤਰ ਸਾਹਿਬ ਦਾ ਦਿਲੀ ਧੰਨਵਾਦ ਕੀਤਾ। ਉਹਨਾਂ ਅਮਰੀਕਾ ਵਿੱਚ ਪਾਤਰ ਸਾਹਿਬ ਨਾਲ ਜੁੜੀਆਂ ਸਾਹਿਤਕ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਸੁਰਜੀਤ ਪਾਤਰ ਪੰਜਾਬੀ ਕਾਵਿ ਨੂੰ ਵਿਸ਼ਵ ਪੱਧਰ ਦੀ ਕਵਿਤਾ ਦੇ ਹਾਣੀ ਬਣਾਉਣ ਵਾਲ਼ੇ ਮਹਾਂ ਕਵੀ ਮੰਨਿਆ।
ਇਸ ਪ੍ਰੋਗਰਾਮ ਵਿੱਚ ਓਨਟਾਰੀਓ ਫਰੈਂਡਜ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਪਾਤਰ ਸਾਹਿਬ, ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੀ ਟੀਮ ਨੂੰ ਇਸ ਯਤਨ ਲਈ ਵਧਾਈ ਦਿੱਤੀ। ਪ੍ਰੋ. ਜਾਗੀਰ ਸਿੰਘ ਕਾਹਲੋਂ, ਡਾ. ਰਵਿੰਦਰ ਭਾਟੀਆ, ਹਰਦਿਆਲ ਸਿੰਘ ਝੀਤਾ, ਪ੍ਰਿੰਸੀਪਲ ਅਰਮਾਨ ਪ੍ਰੀਤ, ਜੋਤੀ ਮਾਂਗਟ, ਸਤਿੰਦਰ ਕੌਰ ਕਾਹਲੋਂ, ਰਾਜਬੀਰ ਗਰੇਵਾਲ, ਨਿਰਵੈਰ ਸਿੰਘ ਅਰੋੜਾ ਆਦਿ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਦੇਸ਼ ਵਿਦੇਸ਼ ਤੋਂ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਮਾਡਰੇਟਰ ਪ੍ਰੋ. ਕੁਲਜੀਤ ਕੌਰ ਦਾ ਰੂਬਰੂ ਕਰਨ ਦਾ ਅੰਦਾਜ਼ ਬਹੁਤ ਖ਼ੂਬਸੂਰਤ ਤੇ ਵਿਲੱਖਣ ਰਿਹਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025