/ Feb 05, 2025
Trending

ਸਰੀ ਦੀਆਂ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਪਹਿਲਵਾਨ ਕੁੜੀਆਂ ਦੇ ਹੱਕ ਵਿਚ ਰੈਲੀ

ਸਰੀ, 5 ਜੂਨ (ਹਰਦਮ ਮਾਨ)-ਸਰੀ ਸ਼ਹਿਰ ਦੀਆਂ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਭਾਰਤ ਦੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿਚ ਅੱਜ ਬੀਅਰ ਕਰੀਕ ਪਾਰਕ ਸਰੀ ਦੇ ਨੇੜੇ ਕਿੰਗ ਜਾਰਜ ਸਟਰੀਟ ਅਤੇ 88 ਐਵੀਨਿਊ ਦੇ ਕੋਨੇ ‘ਤੇ ਰੈਲੀ ਕੀਤੀ ਜਿਸ ਵਿਚ ਮੋਦੀ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਭਾਜਪਾ ਦੇ ਐਮ.ਪੀ. ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਚਲਾਉਣ ਅਤੇ ਭਾਰਤ ਵਿਚ ਔਰਤਾਂ ਲਈ ਆਜ਼ਾਦ ਮਾਹੌਲ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ।

ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਦੇ ਸੱਦੇ ‘ਤੇ ਇਸ ਰੈਲੀ ਵਿਚ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ, ਈਸਟ ਇੰਡੀਅਨ ਡਿਫੈਂਸ ਕਮੇਟੀ, ਸ਼ਹੀਦ ਭਗਤ ਸਿੰਘ ਮੈਮੋਰੀਅਲ ਸੁਸਾਇਟੀ ਅਤੇ ਪ੍ਰੋਗਰੈਸਿਵ ਆਰਟਸ ਕਲੱਬ ਦੇ ਪ੍ਰਤੀਨਿਧ ਅਤੇ ਕਈ ਵਿਦਵਾਨ, ਲੇਖਕ ਸ਼ਾਮਲ ਹੋਏ।

ਇਸ ਮੌਕੇ ਬੋਲਦਿਆਂ ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਦੀ ਆਗੂ ਪਰਮਿੰਦਰ ਸਵੈਚ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਭਾਰਤ ਨੂੰ ਖੇਡਾਂ ਵਿਚ ਵਡੇਰਾ ਮਾਣ ਦੁਆਉਣ ਅਤੇ ਭਾਰਤ ਦਾ ਨਾਂ ਦੁਨੀਆਂ ਵਿਚ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਨੂੰ ਸੜਕਾਂ ਤੇ ਘਸੀਟ ਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤ ਦੀ ਤਾਨਾਸ਼ਾਹ ਅਤੇ ਫਾਸ਼ੀਵਾਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੀੜਤ ਕੁੜੀਆਂ ਨੂੰ ਇਨਸਾਫ ਦੁਆਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ।

ਪਹਿਲਵਾਨ ਕੁੜੀਆਂ ਦੇ ਸੰਘਰਸ਼ ਵਿਚ ਸ਼ਮੂਲੀਅਤ ਕਰ ਕੇ ਕੈਨੇਡਾ ਪੁੱਜੇ ਸੁਰਿੰਦਰ ਗਿੱਲ ਜੈਪਾਲ ਨੇ ਕਿਹਾ ਕਿ ਬੇਹੱਦ ਦੁੱਖ ਦੀ ਗੱਲ ਹੈ ਕਿ ਅਨੇਕਾਂ ਸਮਾਜਿਕ ਅਤੇ ਘਰੇਲੂ ਤੰਦਾਂ ਨੂੰ ਤੋੜ ਕੇ ਅੱਗੇ ਵਧੀਆਂ ਪਹਿਲਵਾਨ ਕੁੜੀਆਂ ਨੂੰ ਇਨਸਾਫ ਦੇਣ ਦੀ ਬਜਾਏ ਮੋਦੀ ਸਰਕਾਰ ਮੁਜਰਿਮ ਨੂੰ ਆਪਣੀ ਗੋਦੀ ਵਿਚ ਬਿਠਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਲੜਕੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਦਾ ਦੋ ਸਾਲ ਤੋਂ ਪਤਾ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋਵੇਗੀ ਕਿ ਵਿਸ਼ਵ ਸਿਹਤ ਸੰਸਥਾ ਵੀ ਕਹਿ ਚੁੱਕੀ ਹੈ ਕਿ ਔਰਤਾਂ ਦੇ ਰਹਿਣ ਲਈ ਭਾਰਤ ਸਭ ਤੋਂ ਮਾੜਾ ਦੇਸ਼ ਹੈ। ਉਨ੍ਹਾਂ ਯਾਦ ਕਰਾਇਆ ਕਿ ਅਸੀਂ ਪਹਿਲਾਂ ਕਿਸਾਨ ਅੰਦੋਲਨ ਰਾਹੀਂ ਰੋਟੀ ਦਾ ਸੰਘਰਸ਼ ਲੜ ਚੁੱਕੇ ਹਾਂ ਅਤੇ ਹੁਣ ਔਰਤਾਂ ਦੇ ਸਨਮਾਨ ਦੀ ਇਹ ਲੜਾਈ ਵੀ ਸਾਨੂੰ ਹਰੇਕ ਥਾਂ ਲੜਨੀ ਪੈਣੀ ਹੈ।

ਈਸਟ ਇੰਡੀਆ ਡਿਫੈਂਸ ਕਮੇਟੀ ਦੇ ਆਗੂ ਹਰਭਜਨ ਚੀਮਾ ਨੇ ਕਿ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਦਮਨ ਵਿਰੁੱਧ ਸੰਸਾਰ ਭਰ ਵਿਚ ਆਵਾਜ਼ ਬੁਲੰਦ ਕਰਨ ਦੀ ਗੱਲ ਕਹੀ। ਪ੍ਰੋ. ਜੈਪਾਲ ਨੇ ਅਫਸੋਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਕੁਝ ਜਾਣਦੇ ਹੋਏ ਵੀ ਚੁੱਪ ਧਾਰੀ ਬੈਠੇ ਹਨ ਅਤੇ ਦੋਸ਼ੀ ਨੂੰ ਬੁੱਕਲ ਵਿਚ ਲਈ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅਨਿਆਂ ਅਤੇ ਧੱਕੇਸ਼ਾਹੀ ਵਿਰੱਧ ਰਾਜਨੀਤਕ ਤੌਰ ‘ਤੇ ਜੋ ਆਵਾਜ਼ ਉੱਠਣੀ ਚਾਹੀਦੀ ਸੀ ਉਹ ਵੀ ਨਹੀਂ ਉੱਠੀ ਜਦੋਂ ਕਿ ਇਹ ਮਸਲਾ ਲੋਕਾਂ ਦੀ ਅਣਖ ਨਾਲ ਹੋਇਆ ਇਕ ਬੱਜਰ ਗੁਨਾਹ ਹੈ।

ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਕਿ ਪਹਿਲਵਾਨ ਲੜਕੀਆਂ ਦਾ ਮਸਲਾ ਔਰਤਾਂ ਦੀ ਆਬਰੂ ਅਤੇ ਆਜ਼ਾਦੀ ਦਾ ਸਵਾਲ ਹੈ ਪਰ ਮੋਦੀ ਸਰਕਾਰ ਇਸ ਉੱਪਰ ਚੁੱਪ ਧਾਰਨ ਕਰੀ ਬੈਠੀ ਹੈ ਜੋ ਕਿ ਬਹੁਤ ਹੀ ਘਿਨਾਉਣਾ ਵਤੀਰਾ ਹੈ। ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਜਮਹੂਰੀ ਹੱਕਾਂ ‘ਤੇ ਪਹਿਰਾ ਦਿੰਦਿਆਂ ਔਰਤਾਂ ਨਾਲ ਧੱਕਾ ਹੋਣ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਇਆ ਜਾਵੇ। ਸ਼ਹੀਦ ਭਗਤ ਸਿੰਘ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਡਾ. ਕ੍ਰਿਪਾਲ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਹਿੰਦੂ ਰਾਸ਼ਟਰ ਦੀ ਸਥਾਪਤੀ ਲਈ ਵੱਖ ਵੱਖ ਵਰਗਾਂ ਉੱਪਰ ਚੁਣ ਚੁਣ ਕੇ ਹਮਲੇ ਕਰ ਰਹੀ ਹੈ। ਸਾਨੂੰ ਇਹ ਭਰਮ ਮਨ ‘ਚੋਂ ਕੱਢ ਦੇਣਾ ਚਾਹੀਦਾ ਹੈ ਕਿ ਇਸ ਅੱਗ ਦਾ ਸੇਕ ਸਾਡੇ ਤੀਕ ਨਹੀਂ ਪਹੁੰਗਾ ਜਦੋਂ ਕਿ ਸੱਚਾਈ ਇਹ ਹੈ ਕਿ ਇਕ ਨਾ ਇਕ ਦਿਨ ਇਹ ਅੱਗ ਹਰੇਕ ਭਾਰਤੀ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।

ਰੇਡੀਓ ਮੀਡੀਆ ਦੀ ਕਾਰਕੁੰਨ ਨਵਜੋਤ ਢਿੱਲੋਂ ਨੇ ਕਿਹਾ ਕਿ ਕਿਸੇ ਔਰਤ ਨਾਲ ਹੋਇਆ ਜਿਣਸੀ ਸ਼ੋਸ਼ਣ ਕੋਈ ਮਾਮੂਲੀ ਗੱਲ ਨਹੀਂ, ਇਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਅਤੇ ਪੀੜਤ ਔਰਤ ਇਸ ਦੁਖਾਂਤ ਨੂੰ ਉਮਰ ਭਰ ਭੋਗਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੜੀਆਂ ‘ਤੇ ਦਬਾਅ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਜਿੰਨਾ ਚਿਰ ਸਾਡੀ ਸੋਚ ਨਹੀਂ ਬਦਲਦੀ ਓਨਾ ਚਿਰ ਕਿਸੇ ਵੱਡੀ ਤਬਦੀਲੀ ਦੀ ਆਸ ਨਹੀਂ ਕੀਤੀ ਜਾ ਸਕਦੀ। ਨਵਜੋਤ ਢਿੱਲੋਂ ਨੇ ਸਥਾਨਕ ਪੰਜਾਬੀ ਮੀਡੀਆ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਮੀਡੀਆ, ਗੋਦੀ ਮੀਡੀਆ ਦੀਆਂ ਗੱਲਾਂ ਕਰਨ ਵਾਲੇ, ਸਰੀ ਵਿਚ ਵੱਡੀ ਗਿਣਤੀ ਵਿਚ ਅਖਬਾਰਾਂ, ਰੇਡੀਓ ਅਤੇ ਟੀਵੀ ਚੈਨਲਾਂ ਦੀਆਂ ਟਾਅਰਾਂ ਮਾਰਨ ਵਾਲੇ ਅੱਜ ਏਥੇ ਕਿਧਰੇ ਨਜ਼ਰ ਨਹੀਂ ਆ ਰਹੇ।

ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਨੇ ਦੁੱਖ ਪ੍ਰਗਟ ਕੀਤਾ ਕਿ ਜਿੱਥੇ ਇਕ ਨਿੱਕੀ ਜਿਹੀ ਗੱਲ ‘ਤੇ ਐਫ. ਆਈ. ਆਰ. ਦਰਜ ਹੋ ਜਾਂਦੀ ਹੈ ਉੱਥੇ ਦੇਸ਼ ਦਾ ਮਾਣ ਸਨਮਾਨ ਉੱਚਾ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਨੂੰ ਐਫ. ਆਈ. ਆਰ. ਦਰਜ ਕਰਵਾਉਣ ਲਈ ਵੀ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਸ਼ਟਰਪਤੀ ਵੀ ਕਹਿ ਚੁੱਕੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਕ ਏਹੀ ਸਰਕਾਰ ਹੈ ਜਿਸ ਵਿਚ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਧ ਨਿਰਾਦਰ ਹੋ ਰਿਹਾ ਹੈ ਅਤੇ ਮੁਲਕ ਦੀ ਸਾਰੀ ਸੰਪਤੀ ਸਿਰਫ ਦੋ ਬੰਦਿਆਂ ਨੂੰ ਵੇਚ ਦਿੱਤੀ ਗਈ ਹੈ। ਪ੍ਰਸਿੱਧ ਸਾਹਿਤਕਾਰ ਡਾ. ਸਾਧੂ ਬਿਨਿੰਗ ਨੇ ਕਿ ਬੜਾ ਦੁਖਦਾਈ ਪਹਿਲੂ ਹੈ ਕਿ ਧਰਮ ਦੀ ਵਰਤੋਂ ਲੋਕਾਂ ਨੂੰ ਪਾੜਣ ਲਈ ਕੀਤੀ ਜਾ ਰਹੀ ਹੈ ਜੋ ਕਿ ਭਾਰਤ ਲਈ ਬੇਹੱਦ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸ਼ੋਸ਼ਣ ਦਾ ਮਸਲਾ ਸਿਰਫ ਔਰਤਾਂ ਦਾ ਮਸਲਾ ਨਹੀਂ ਸਗੋਂ ਸਾਰੇ ਭਾਰਤੀਆਂ ਦਾ ਮਸਲਾ ਹੈ।

ਅੰਤ ਵਿਚ ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਦੀ ਪ੍ਰਧਾਨ ਸ਼ਹਿਨਾਜ਼ ਨੇ ਭਾਰਤ ਦੀ ਸਰਕਾਰ ਨੂੰ ਪੇਸ਼ ਕੀਤੇ ਜਾਣ ਵਾਲੇ ਮੈਮੋਰੰਡਮ ਬਾਰੇ ਦੱਸਿਆ ਅਤੇ ਰੈਲੀ ਵਿਚ ਸ਼ਾਮਲ ਹੋਈਆਂ ਸਭਨਾਂ ਧਿਰਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.