/ Feb 05, 2025
Trending

ਕੈਨੇਡਾ: ਪਾਲ ਢਿੱਲੋਂ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਜਗਦਾ ਰਹੀਂ ਵੇ ਦੀਵਿਆ’ ਉਪਰ ਵਿਚਾਰ ਚਰਚਾ

ਸਰੀ, 1 ਮਾਰਚ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਪਾਲ ਢਿੱਲੋਂ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਜਗਦਾ ਰਹੀਂ ਵੇ ਦੀਵਿਆ’ ਰਿਲੀਜ਼ ਕਰਨ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਸ਼ਾਇਰ ਪਾਲ ਢਿੱਲੋਂ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ।

ਸ਼ਾਇਰ ਮੋਹਨ ਗਿੱਲ ਨੇ ਮੰਚ ਦਾ ਸੰਚਾਲਨ ਸੰਭਾਲਦਿਆਂ ਸਮਾਗਮ ਵਿਚ ਆਏ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਪਾਲ ਢਿੱਲੋਂ ਦੀ ਕਾਵਿ ਕਲਾ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਅੰਗਰੇਜ਼ ਬਰਾੜ ਨੇ ਵੈਨਕੂਵਰ ਵਿਚਾਰ ਮੰਚ ਦਾ ਮੰਤਵ ਸਭ ਨਾਲ ਸਾਂਝਾ ਕੀਤਾ ਅਤੇ ਨਦੀਮ ਪਰਮਾਰ ਵੱਲੋਂ ਲਿਖਿਆ ਪਰਚਾ ਪੜ੍ਹਿਆ। ਪ੍ਰੀਤ ਮਨਪ੍ਰੀਤ ਨੇ ਪਾਲ ਢਿੱਲੋਂ ਦੇ ਸ਼ਿਅਰਾਂ ਵਿੱਚ ਕੁਦਰਤ ਦੇ ਵਰਨਣ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਡਾ. ਪਿਰਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਅਜੋਕੇ ਮੰਡੀ ਕਲਚਰ ਨੇ ਆਮ ਬੰਦੇ ਨੂੰ ਵਸਤੂ ਬਣਾ ਦਿੱਤਾ ਹੈ ਅਤੇ ਪਾਲ ਢਿੱਲੋਂ ਨੇ ਆਪਣੀ ਸ਼ਾਇਰੀ ਰਾਹੀਂ ਇਸ ਮੰਡੀ ਕਲਚਰ ਬਾਰੇ ਬਾਖੂਬੀ ਬਿਆਨ ਕੀਤਾ ਗਿਆ ਹੈ।

ਨਦੀਮ ਪਰਮਾਰ ਨੇ ਗੀਤ ਲਿਖਣ ਤੋਂ ਗ਼ਜ਼ਲ ਰਚਨਾ ਵੱਲ ਆਏ ਪਾਲ ਢਿੱਲੋਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੀ ਮਿਹਨਤ ਤਾਂ ਪਾਲ ਢਿੱਲੋਂ ਦੀ ਹੈ, ਨਦੀਮ ਪਰਮਾਰ ਨੇ ਤਾਂ ਉਸ ਨੂੰ ਦਿਸ਼ਾ-ਨਿਰਦੇਸ਼ ਹੀ ਦਿੱਤਾ ਹੈ। ਡਾ. ਹਰਜੋਤ ਕੌਰ ਖੈਹਿਰਾ ਨੇ ਪਾਲ ਢਿੱਲੋਂ ਨੂੰ ਅੱਜ ਦਾ ਕਵੀ ਦਸਦਿਆਂ ਕਿਹਾ ਕਿ ਉਸ ਦੀ ਵੱਡੀ ਖ਼ੂਬੀ ਹੈ ਕਿ ਉਹ ਆਪਣੀ ਗੱਲ ਸਪਸ਼ਟ ਕਰਦਾ ਹੈ, ਕਿਸੇ ਲੁੱਕ ਲਪੇਟ ਰਾਹੀਂ ਨਹੀਂ ਕਰਦਾ। ਕਵਿੰਦਰ ਚਾਂਦ ਨੇ ਸ਼ਿਕਵਾ ਜ਼ਾਹਰ ਕੀਤਾ ਕਿ ਪਾਲ ਢਿੱਲੋਂ ਨੇ ਪਿੰਡਾਂ ਵਿੱਚ ਇੱਕ ਪਾਸੇ ਵਸਦੇ ਵਿਹੜੇ ਦੇ ਲੋਕਾਂ ਦਾ ਜ਼ਿਕਰ ਆਪਣੇ ਸ਼ਿਅਰਾਂ ਵਿੱਚ ਨਹੀਂ ਕੀਤਾ।

ਗੁਰਦਰਸ਼ਨ ਬਾਦਲ ਨੇ ਪਾਲ ਢਿੱਲੋਂ ਦੀ ਗ਼ਜ਼ਲ ਵਿੱਚ ਆਏ ਵਿਕਾਸ ਦੀ ਸਰਾਹਨਾ ਕੀਤੀ। ਇੰਦਰਜੀਤ ਧਾਮੀ ਨੇ ਕਿਹਾ ਕਿ ਪਾਲ ਢਿੱਲੋਂ ਕਵਿਤਾ ਦੇ ਨਾਲ ਨਾਲ ਆਪਣੇ ਜੀਵਨ ਵਿਚ ਵੀ ਇਸ ਪ੍ਰੀਭਾਸ਼ਾ ਉੱਪਰ ਪੂਰਾ-ਪੂਰਾ ਉਤਰਦਾ ਹੈ। ਸਤੀਸ਼ ਗੁਲਾਟੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਵਿਚ ਲੇਖਕ ਦੀ ਲਿਖਤ ਦੀਆਂ ਊਣਤਾਈਆਂ ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਤਾਂ ਕਿ ਲੇਖਕ ਅੱਗੋਂ ਹੋਰ ਵੀ ਉੱਤਮ ਰਚਨਾ ਕਰ ਸਕੇ। ਉਸ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਇਸ ਪੁਸਤਕ ਦਾ ਪ੍ਰਕਾਸ਼ਕ ਹੈ।

ਪੁਸਤਕ ਉੱਪਰ ਦਵਿੰਦਰ ਗੌਤਮ, ਨਰਿੰਦਰ ਬਾਹੀਆ, ਅਮਰੀਕ ਪਲਾਹੀ, ਮਹਿੰਦਰਪਾਲ ਪਾਲ ਅਤੇ ਖੁਸ਼ਹਾਲ ਗਲੋਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪਾਲ ਢਿੱਲੋਂ ਨੇ ਜਿੱਥੇ ਸਭਨਾਂ ਦਾ ਸੁਆਗਤ ਕੀਤਾ ਅਤੇ ਵਡਮੁੱਲੇ ਵਿਚਾਰ ਰੱਖਣ ਲਈ ਧੰਨਵਾਦ ਕੀਤਾ ਉਥੇ ਉਸ ਨੇ ਆਪਣੇ ਪਰਿਵਾਰ ਦੇ ਅਗਲੀ ਪੀੜ੍ਹੀ ਦੇ ਬੱਚਿਆਂ ਵੱਲੋਂ ਸਮਾਗਮ ਵਿਚ ਸ਼ਾਮਲ ਹੋਣ ‘ਤੇ ਵਿਸ਼ੇਸ਼ ਖੁਸ਼ੀ ਪ੍ਰਗਟ ਕੀਤੀ। ਉਸ ਨੇ ਆਪਣੀ ਪੁਸਤਕ ਵਿੱਚੋਂ ਕੁਝ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਅੰਤ ਵਿਚ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਦੀ ਸਫਲਤਾ ਉੱਪਰ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਭਵਿੱਖ ਵਿਚ ਅਜਿਹੇ ਹੀ ਉੱਚ ਪੱਧਰ ਦੇ ਪ੍ਰੋਗਰਾਮ ਉਲੀਕ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿਚ ਵੀ ਸਾਹਿਤ ਪ੍ਰੇਮੀਆਂ ਦਾ ਸਹਿਯੋਗ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.