/ Feb 05, 2025
Trending
ਸਰੀ, 20 ਨਵੰਬਰ (ਹਰਦਮ ਮਾਨ)-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਡਾ. ਜੋਗਾ ਸਿੰਘ ਸਹੋਤਾ, ਜਗਦੇਵ ਸਿੰਘ ਸਿੱਧੂ ਅਤੇ ਜਸਵੀਰ ਸਿਹੋਤਾ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਜਿਸ ਵਿਚ ਜਗਦੇਵ ਸਿੰਘ ਸਿੱਧੂ ਨੇ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਨਵੀਂ ਕਾਰਜਕਾਰੀ ਅਨੁਸਾਰ ਪ੍ਰਧਾਨ – ਡਾ. ਜੋਗਾ ਸਿੰਘ ਸਹੋਤਾ, ਉਪ ਪ੍ਰਧਾਨ – ਇਕਬਾਲ ਸਿੰਘ ਕਾਲੀਰਾਏ, ਜਨਰਲ ਸਕੱਤਰ – ਜਸਵੰਤ ਸਿੰਘ ਸੇਖੋਂ, ਸਕੱਤਰ ਜਰਨੈਲ ਸਿੰਘ ਤੱਗੜ, ਖ਼ਜ਼ਾਨਚੀ – ਸਤਨਾਮ ਸਿੰਘ ਢਾਅ, ਮੈਂਬਰ – ਕੇਸਰ ਸਿੰਘ ਨੀਰ, ਪਰਮਜੀਤ (ਪੈਰੀ) ਮਾਹਲ, ਲਖਵਿੰਦਰ ਸਿੰਘ ਜੌਹਲ, ਕੁਲਦੀਪ ਕੌਰ ਘਟੌੜਾ ਅਤੇ ਸੁਖਦੇਵ ਕੌਰ ਢਾਅ ਚੁਣੇ ਗਏ।
ਸਕੱਤਰ ਜਰਨੈਲ ਸਿੰਘ ਤੱਗੜ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪਿਛਲੇ ਦਿਨਾਂ ਵਿਚ ਵਿੱਛੜ ਗਈਆਂ ਸ਼ਖ਼ਸੀਅਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਸਿੱਖ ਇਤਿਹਾਸਕਾਰ ਜਗਤਾਰ ਸਿੰਘ ਗਰੇਵਾਲ, ਕੈਲਗਰੀ ਦੇ ਨਾਮਵਰ ਰੀਅਲਟਰ ਗੁਰਜੰਟ ਸਿੰਘ ਗਿੱਲ ਦੇ ਨੌਜੁਆਨ ਸਪੁੱਤਰ ਰਾਜਦੀਪ ਗਿੱਲ, ਪ੍ਰਸਿੱਧ ਪੱਤਰਕਾਰ ਤੇ ਲੇਖਕ ਹਰਦੇਵ ਸਿੰਘ ਗਰੇਵਾਲ, ਸ਼ਾਇਰ ਦੇਵ ਰਾਊਕੇ, ਗੀਤਕਾਰ ਗੁਰਜੰਟ ਘਨੌਰ ਅਤੇ ਟਰੇਡ ਯੂਨੀਅਨਨਿਸਟ ਕਾਮਰੇਡ ਰਣਧੀਰ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਿਵਾਰਾਂ ਨਾਲ ਹਮਦਰਦੀ ਅਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਰਚਨਾਤਮਿਕ ਦੌਰ ਵਿਚ ਲਖਵਿੰਦਰ ਸਿੰਘ ਜੌਹਲ ਨੇ ਕਿਸਾਨੀ ਦੀ ਮੰਦੀ ਹਾਲਤ ਬਾਰੇ ਕਵਿਤਾ, ਅਮਨਪ੍ਰੀਤ ਕੌਰ ਗਿੱਲ ਨੇ ਧੀਆਂ ਦਾ ਗੀਤ ‘ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗੀਆਂ’, ਮਨਮੋਹਨ ਸਿੰਘ ਬਾਠ ਨੇ ਹਿੰਦੀ ਗੀਤ ‘ਤੇਰੀ ਗਲੀਓਂ ਮੇਂ ਨ ਰਖੇਂਗੇ ਕਦਮ, ਸੁਖਵਿੰਦਰ ਤੂਰ ਨੇ ਗ਼ਜ਼ਲ ਤੇ ਕੇਸਰ ਸਿੰਘ ਨੀਰ ਦਾ ਗੀਤ ‘ਮੈਂ ਗੀਤ ਗਾ ਰਿਹਾ ਹਾਂ’, ਡਾ. ਜੋਗਾ ਸਿੰਘ ਸਹੋਤਾ ਨੇ ਗੁਰਜੰਟ ਘਨੌਰ ਦਾ ਗੀਤ ‘ਜਦੋਂ ਦੂਜਿਆਂ ਲਈ ਲੜੇ ਅਸੀਂ ਸੂਰਮੇ, ਹੱਕ ਆਪਣੇ ਮੰਗੇ ਤਾਂ ਵੱਖਵਾਦੀ ਹੋ ਗਏ’, ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਗ਼ਜ਼ਲ ‘ਰਸਤਾ ਕਦੇ ਨੀਂ ਹੁੰਦਾ ਇਕਸਾਰ ਜ਼ਿੰਦਗੀ ਦਾ’, ਅਤੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ‘ਕਵੀ ਸੈਂ ਤੂੰ ਉਹ ਜੀਹਨੇ ਸੀ ਜ਼ਿੰਦਗੀ ਦਾ ਗੀਤ ਗਾਇਆ’, ਜਗਦੇਵ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿਚ ਲਿਖੀ ਆਪਣੀ ਇਕ ਕਵਿਤਾ ‘ਨਿਵੇਕਲੇ ਰੰਗ ਦੀ ਆਰਤੀ’, ਜਗਜੀਤ ਸਿੰਘ ਰਹਿਸੀ ਨੇ ਸ਼ਿਅਰ ‘ਮਤ ਪੂਛੋ ਸ਼ੀਸ਼ੇ ਸੇ ਉਸ ਕੇ ਟੂਟਨੇ ਕੀ ਵਜਹ, ਉਸਨੇ ਭੀ ਕਿਸੀ ਪੱਥਰ ਕੋ ਅਪਨਾ ਸਮਝਾ ਹੋਗਾ’ ਅਤੇ ਸਤਨਾਮ ਸਿੰਘ ਢਾਅ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਬਿਆਨਦੀ ਗੁਰਦੇਵ ਸਿੰਘ ਮਾਨ ਦੀ ਕਵਿਤਾ ‘ਕਰਮ ਕਾਂਡ ਤੇ ਲੁਟੇਰੇ’ ਪੇਸ਼ ਕੀਤੀ।
ਪ੍ਰਭਦੇਵ ਸਿੰਘ ਗਿੱਲ, ਪੈਰੀ ਮਾਹਲ, ਬਿੱਕਰ ਸਿੰਘ ਸੰਧੂ, ਜਸਵੀਰ ਸਿਹੋਤਾ, ਕੁਲਦੀਪ ਕੌਰ ਘਟੌੜਾ, ਜਰਨੈਲ ਤੱਗੜ, ਅਤੇ ਨਿਰਮਲ ਸਿੰਘ ਧਾਲ਼ੀਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਕਈ ਪਹਿਲੂਆਂ ਤੇ ਵਿਚਾਰ ਰੱਖੇ, ਨਾਲ ਹੀ ਪੰਜਾਬ ਅਤੇ ਕੈਨੇਡਾ ਵਿਚਲੇ ਭਖਦੇ ਮਸਲਿਆਂ ਨੂੰ ਸਾਹਮਣੇ ਲਿਆਂਦਾ। ਗੁਰਮੀਤ ਸਿੰਘ ਢਾਅ, ਅਵਤਾਰ ਕੌਰ ਤੱਗੜ, ਏਕਮ ਕੌਰ ਗਿੱਲ ਅਤੇ ਜਸਪਾਲ ਕੌਰ ਮਾਨ ਨੇ ਵੀ ਇਸ ਸਾਹਿਤਕ ਮਿਲਣੀ ਵਿਚ ਹਾਜ਼ਰੀ ਲੁਆਈ। ਅੰਤ ਵਿਚ ਡਾ. ਜੋਗਾ ਸਿੰਘ ਸਹੋਤਾ ਨੇ ਨਵੀਂ ਜ਼ਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025