/ Feb 05, 2025
Trending
ਕੈਨੇਡਾ (ਕਾਵਿ-ਸੰਸਾਰ ਬਿਊਰੋ) : ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਜੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਕਾਵਿ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਵਰ੍ਹੇ ਨਵੇਂ ਵਰ੍ਹੇ ਦੇ ਮੌਕੇ ਅਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਗੀਤ ਦਰਬਾਰ ਕਰਵਾਇਆ ਗਿਆ।
ਇਸ ਗੀਤ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਅਤੇ ਟਰਾਂਟੋ ਤੋਂ ਨਾਮਵਰ ਸਿੰਗਰ ਇਕਬਾਲ ਬਰਾੜ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਸਫ਼ੀਆ ਹਯਾਤ , ਤ੍ਰੈਲੋਚਨ ਲੋਚੀ,ਮਾਲਾ ਗਾਂਧੀ ਤੇ ਡਾ ਸਤਿੰਦਰ ਕੌਰ ਸ਼ਾਮਿਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਡਾ ਸਰਬਜੀਤ ਕੌਰ ਸੋਹਲ ਨੇ ਸਭ ਪ੍ਰਤੀਭਾਗੀਆਂ ਦਾ ਸਵਾਗਤ ਕਰਦਿਆਂ ਸਾਹਿਤਕ ਸਾਂਝ ਦਾ ਸ਼ੁਕਰਾਨਾ ਕੀਤਾ ਜੋ ਅਜਿਹੇ ਪ੍ਰੋਗਰਾਮ ਉਲੀਕਦੇ ਹਨ। ਉਹਨਾਂ ਇਹ ਪ੍ਰੋਗਰਾਮ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਸਮਰਪਿਤ ਕੀਤਾ । ਉਹਨਾਂ 23-24 ਜਨਵਰੀ ਨੂੰ ਹੋਣ ਵਾਲੇ ਪੰਜਾਬ ਸਾਹਿਤ ਅਕਾਦਮੀ ਦੁਆਰਾ ਕੀਤੀ ਜਾਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਦੱਸਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਬੁੱਲੇ ਸ਼ਾਹ ਦੀ ਕਾਫ਼ੀ ਗਾ ਕੇ ਗੀਤ ਦਰਬਾਰ ਦਾ ਆਰੰਭ ਕੀਤਾ।
ਡੌਲੀ ਗੁਲੇਰੀਆ ਨੇ ਆਪਣੇ ਅਤੇ ਸੁਰਿੰਦਰ ਕੌਰ ਜੀ ਦੇ ਗੀਤ ਗਾ ਕੇ ਮਾਹੌਲ ਖੁਸ਼ਨੁਮਾ ਬਣਾ ਦਿੱਤਾ। ਮੁਖ ਮਹਿਮਾਨ ਇਕਬਾਲ ਬਰਾੜ ਜੀ ਨੇ ਸ਼ਿਵ ਕੁਮਾਰ ਦਾ ਗੀਤ ‘ਉਥੇ ਸਤਰਾਂ ਦੇ ਵਗਦੇ ਨੇ ਚੋਅ’ ਬਹੁਤ ਹੀ ਭਾਵਪੂਰਤ ਅੰਦਾਜ਼ ਵਿੱਚ ਗਾ ਕੇ ਵਾਹ ਵਾਹ ਖੱਟੀ।ਵਿਸ਼ੇਸ਼ ਮਹਿਮਾਨ ਤ੍ਰੈਲੋਚਨ ਲੋਚੀ , ਡਾ ਸਤਿੰਦਰ ਕਾਹਲੋਂ ਨੇ ਬਹੁਤ ਪ੍ਰਭਾਵਸ਼ਾਲੀ ਗੀਤ ਗਾਏ। ਟਰਾਂਟੋ ਤੋਂ ਪ੍ਰਸਿੱਧ ਗਾਇਕਾ ਤੇ ਟੀ ਵੀ ਹੋਸਟ ਮਾਲਾ ਗਾਂਧੀ ਨੇ ਸੁਰਿੰਦਰ ਕੌਰ ਜੀ ਦਾ ਗੀਤ ‘ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾਂ ‘ਗਾ ਕੇ ਖੂਬ ਰੰਗ ਬੰਨ੍ਹਿਆ। ਸਭਾ ਦੇ ਸਕੱਤਰ ਜਨਰਲ ਅਮਨਬੀਰ ਸਿੰਘ ਧਾਮੀ ਨੇ ਮਾਂ ਤੇ ਬਹੁਤ ਹੀ ਭਾਵਪੂਰਤ ਗੀਤ ਗਾਇਆ । ਟਰਾਂਟੋ ਤੋਂ ਬਲਜੀਤ ਜੌਹਲ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਗਾਇਆ , ਟੋਰਾਂਟੋ ਤੋਂ ਹੀ ਹਰਜੀਤ ਬੰਮਰਾ ਨੇ ਲੋਕ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਸੁਰਿੰਦਰ ਕੌਰ (ਅਮਰੀਕਾ) ਨੇ’ ਮੈਂ ਤੈਨੂੰ ਯਾਦ ਆਵਾਂਗੀ ‘ ਅਤੇ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ’ ਗੀਤ ਬੜੇ ਉਦਾਸ ਅਤੇ ਖੂਬਸੂਰਤ ਅੰਦਾਜ਼ ਵਿੱਚ ਗਾਇਆ। ਨਵੀਂ ਉਭਰਦੀ ਗਾਇਕਾ ਸ਼ੈਲੀ ਬੀ ਨੇ ‘ਸਾਂਭ ਲੳ ਪੰਜਾਬੀਓ ਪੰਜਾਬੀ ਰੁਲਦੀ ਜਾਂਦੀ ਏ’ ਗਾ ਕੇ ਪੰਜਾਬੀ ਪ੍ਰਤੀ ਸੁਚੇਤ ਕੀਤਾ। ਪਰਮਜੀਤ ਕੌਰ ਨੇ ‘ਨਹੀਂ ਮੁੱਕਦੀ ਗੱਲ ਤੇਰੀ ਅਸੀਂ ਮੁੱਕ ਚੱਲੇ ਆਂ’ ।ਅੰਜੂ ਬਾਲਾ ਨੇ , ਲਹਿੰਦੇ ਪੰਜਾਬ ਤੋਂ ਨਦੀਮ ਅਫ਼ਜ਼ਲ ਤੇ ਦਰਸ਼ਨ ਮੁੱਟਾ ਜੀ ਨੇ ਵੀ ਗਾ ਕੇ ਆਪਣੀ ਹਾਜ਼ਰੀ ਲੁਆਈ ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁੱਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਗੀਤ ਦਰਬਾਰ ਬਾਰੇ ਆਪਣੇ ਪ੍ਰਭਾਵ ਪੇਸ਼ ਕੀਤੇ। ਉਹਨਾਂ ਨੇ ਕਲਾਕਾਰਾਂ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਦੱਸਿਆ ਅਤੇ ਕਲਾਕਾਰਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋ ਕੁਲਜੀਤ ਕੌਰ ਨੇ ਧੰਨਵਾਦੀ ਸ਼ਬਦਾਂ ਵਿੱਚ ਡਾ ਸਰਬਜੀਤ ਕੌਰ ਸੋਹਲ ਅਤੇ ਰਮਿੰਦਰ ਵਾਲੀਆ ਰੰਮੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸ੍ਰ ਅਜਾਇਬ ਸਿੰਘ ਚੱਠਾ ਨੇ ਇਸ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਵਿੱਚ ਡਾ ਬਲਜੀਤ ਕੌਰ ਰਿਆੜ , ਸ ਹਰਦਿਆਲ ਸਿੰਘ ਝੀਤਾ , ਅੰਮ੍ਰਿਤਾ ਦਰਸ਼ਨ , ਸੀਮਾ ਸ਼ਰਮਾ, ਰਵਿੰਦਰ ਭਾਟੀਆ, ਗੁਰਚਰਨ ਸਿੰਘ ਜੋਗੀ,ਪੋਲੀ ਬਰਾੜ,ਦਲਜੀਤ ਬਨਵੈਤ, ਨਿਰਵੈਰ ਸਿੰਘ ਅਰੋੜਾ , ਜਗੀਰ ਸਿੰਘ ਕਾਹਲੋਂ , ਰਾਜਬੀਰ ਗਰੇਵਾਲ , ਡਾ ਜਸਪਾਲ ਸਿੰਘ ਦੇਸੂਵੀ ਜੀ , ਗਿੱਲ ਗੁਰਬਿੰਦਰ ਸਿੰਘ , ਅਵਤਾਰ ਸਿੰਘ ਢਿੱਲੋਂ , ਰਣਜੀਤ ਕਲੇਰ , ਜਗਦੀਪ ਸਿੰਘ ਮਾਂਗਟ ਆਦਿ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।
ਰਮਿੰਦਰ ਰੰਮੀ
ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025