/ Apr 17, 2025
Trending

ਸਰੀ ਵਿਚ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਏ ਯੂਥ ਫੈਸਟੀਵਲ ‘ਚ ਪੰਜਾਬੀ ਜਵਾਨੀ ਨੇ ਲਈ ਅੰਗੜਾਈ

ਗੀਤਾਂ, ਗਿੱਧੇ ਅਤੇ ਭੰਗੜੇ ਦੀ ਦਿਲਕਸ਼ ਪੇਸ਼ਕਾਰੀ ਨੇ ਸੈਂਕੜੇ ਦਰਸ਼ਕਾਂ ਦੇ ਦਿਲ ਮੋਹ ਲਏ

ਸਰੀ, 5 ਜੁਲਾਈ (ਹਰਦਮ ਮਾਨ)-ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ (ਆਈਐਸਯੂ) ਵੱਲੋਂ ਬੀਤੀ ਸ਼ਾਮ ਸਰੀ ਦੇ ਇੰਪਾਇਰ ਬੈਂਕੁਇਟ ਹਾਲ ਵਿਚ ਕਰਵਾਇਆ ਗਿਆ ਪਹਿਲਾ ਇੰਟਰ ਕਾਲਜ ਯੂਥ ਫੈਸਟੀਵਲ ਬੇਹੱਦ ਸਫਲ ਅਤੇ ਪ੍ਰਭਾਵਸ਼ਾਲੀ ਰਿਹਾ। ਇਸ ਫੈਸਟੀਵਲ ਵਿਚ ਮੈਟਰੋ ਵੈਨਕੂਵਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਗੀਤ, ਸੋਲੋ ਨਾਚ, ਗਿੱਧਾ ਅਤੇ ਭੰਗੜਾ ਦੇ ਮੁਕਾਬਲਿਆਂ ਵਿਚ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾਤਿਮਕ ਪ੍ਰਤਿਭਾ ਦਾ ਬਾਖੂਬੀ ਪ੍ਰਦਰਸ਼ਨ ਕਰਕੇ ਸੈਂਕੜੇ ਦਰਸ਼ਕਾਂ ਦਾ ਮਨ ਮੋਹ ਲਿਆ।

ਸਭ ਤੋਂ ਪਹਿਲਾਂ ਹੋਏ ਗੀਤ ਮੁਕਾਬਲੇ ਵਿਚ ਸਾਰੇ ਵਿਦਿਆਰਥੀ ਗਾਇਕਾਂ ਦੀ ਪੇਸ਼ਕਾਰੀ ਨੇ ਉਨ੍ਹਾਂ ਵਿਚਲੀ ਸੰਵਾਭਨਾ ਨੂੰ ਖੂਬਸੂਰਤ ਅੰਦਾਜ਼ ਵਿਚ ਉਜਾਗਰ ਕੀਤਾ। ਇਸ ਮੁਕਾਬਲੇ ਵਿਚ ਲੰਗਾਰਾ ਕਾਲਜ ਦੇ ਵਿਦਿਆਰਥੀ ਆਸਿਫ ਅਲੀ ਦੀ ਅਦਾਇਗੀ ਨੇ ਨੁਸਰਤ ਫਤਹਿ ਅਲੀ ਖਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਆਸਿਫ ਅਲੀ ਨੂੰ ਪਹਿਲੇ ਇਨਾਮ ਨਾਲ ਨਿਵਾਜਿਆ ਗਿਆ। ਵੈਨਕੂਵਰ ਕਮਰਸ਼ੀਅਲ ਕਾਲਜ ਦੀ ਸਿਮਰਨਜੀਤ ਕੌਰ ਨੇ ‘ਚੰਨਾ ਵੇ ਮੇਰਾ ਦਿਲ ਕਰਦਾ’ ਨੂੰ ਸੁਰੀਲੀ ਸੁਰ ਦੇ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ ਅਤੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਸੋਲੋ ਨਾਚ ਵਿਚ ਨਵਨੀਤ ਕੌਰ ਦੀ ਦਿਲਕਸ਼ ਪੇਸ਼ਕਾਰੀ ਦੇਖ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ ਅਤੇ ਉਸ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ।

ਗਿੱਧੇ ਦੇ ਮੁਕਾਬਲੇ ਵਿਚ ਲੰਗਾਰਾ ਕਾਲਜ ਅਤੇ ਕੇ.ਪੀ.ਯੂ. ਦੀਆਂ ਟੀਮਾਂ ਨੇ ਨੱਚ ਨੱਚ ਧਮਾਲ ਪਾਈ। ਕੇ.ਪੀ.ਯੂ. ਦੀ ਗਿੱਧਾ ਟੀਮ ਦੀਆਂ ਮੁਟਿਆਰਾਂ ਸੁਪਰੀਤ, ਰੂਪਈਸ਼ਵਰ, ਅਮਨਦੀਪ, ਜਸਮੀਨ, ਰਸ਼ਮਾਂ, ਗੁਰਲੀਨ, ਨਵਰੀਨ, ਖੁਸ਼ਵੀਰ, ਪਰਮਿੰਦਰ ਅਤੇ ਜਸਲੀਨ ਦੀ ਪੇਸ਼ਕਾਰੀ ਦਰਸ਼ਕ-ਮਨਾਂ ਵਿਚ ਏਨੀ ਡੂੰਘੀ ਲਹਿ ਗਈ ਕਿ ਲਗਾਤਾਰ ਕਈ ਮਿੰਟ ਤਾੜੀਆਂ ਦੀ ਗੂੰਜ ਨੇ ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਨੂੰ ਹਵਾ ਵਿਚ ਉਡਾਰੀਆਂ ਲਾਉਣ ਲਾ ਦਿੱਤਾ। ਇਸ ਮੁਕਾਬਲੇ ਦੇ ਪਹਿਲੇ ਇਨਾਮ ਦਾ ਸਿਹਰਾ ਵੀ ਇਨ੍ਹਾਂ ਮੁਟਿਆਰਾਂ ਦੇ ਹਿੱਸੇ ਹੀ ਆਇਆ। ਇਸੇ ਤਰ੍ਹਾਂ ਭੰਗੜੇ ਦੇ ਮੁਕਾਬਲੇ ਵਿਚ ਕੋਲੰਬੀਆ ਕਾਲਜ ਦੀ ਭੰਗੜਾ ਟੀਮ ਅਤੇ ਕੇ.ਪੀ.ਯੂ. ਦੀ ਭੰਗੜਾ ਕਲਾਕਾਰਾਂ ਨੇ ਦਿਲਕਸ਼ ਪੇਸ਼ਕਾਰੀ ਨਾਲ ਪ੍ਰੋਗਰਾਮ ਨੂੰ ਸਿਖਰਾਂ ‘ਤੇ ਪੁਚਾਇਆ ਅਤੇ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ। ਇਸ ਮੁਕਾਬਲੇ ਵਿਚ ਕੇ.ਪੀ.ਯੂ. ਦੇ ਕਲਾਕਾਰਾਂ ਨੇ ਬਾਜ਼ੀ ਮਾਰੀ ਅਤੇ ਕੋਲੰਬੀਆ ਕਾਲਜ ਦੇ ਕਲਾਕਾਰ ਦੂਜੇ ਸਥਾਨੇ ‘ਤੇ ਰਹੇ।

ਕੈਨੇਡਾ ਦੀ ਧਰਤੀ ਤੇ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿਚ ਪੰਜਾਬ ਦਾ ਜਵਾਨ ਦਿਲ ਧੜਕ ਰਿਹਾ ਸੀ, ਸੈਂਕੜੇ ਜਵਾਨ-ਦਿਲਾਂ ਦੀ ਆਵਾਜ਼ ਸਾਫ ਸੁਣਾਈ ਦਿੱਤੀ ਅਤੇ ਪੰਜਾਬੀ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਲਈ ਨਵੀਆਂ ਸੰਭਾਨਾਵਾਂ ਦਾ ਸਿਰ ਚੜ੍ਹ ਬੋਲ ਰਹੀਆਂ ਸਨ।

ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਹੁੰਗਾਰਾ ਦੇਣ ਲਈ ਸਰੀ ਸਿਟੀ ਕੌਂਸਲ ਦੇ ਮੇਅਰ ਬ੍ਰਿੰਡਾ ਲੌਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਪੁਲਿਸ ਅਫਸਰ ਜੈਸੀ ਸਹੋਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਦੀ ਸਮੁੱਚੀ ਪੇਸ਼ਕਾਰੀ ਦੀ ਪ੍ਰਸੰਸਾ ਕਰਦਿਆਂ ਮੇਅਰ ਬ੍ਰਿੰਡਾ ਲੌਕ ਨੇ ਕਿਹਾ ਕਿ ਸਿਟੀ ਕੌਂਸਲ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦੇਣ ਲਈ ਹਮੇਸ਼ਾ ਵਚਨਬੱਧ ਰਹੇਗੀ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕਿਹਾ ਹੈ ਕਿ ਸਾਨੂੰ ਇਹ ਖ਼ਦਸ਼ਾ ਸੀ ਕਿ ਸਾਡੇ ਨੌਜਵਾਨਾਂ ਦੀ ਕਲਾਤਿਮਕ ਪ੍ਰਤਿਭਾ ਕਿਤੇ ਦਮ ਨਾ ਤੋੜ ਦੇਵੇ ਪਰ ਅੱਜ ਦੇ ਇਸ ਪ੍ਰੋਗਰਾਮ ਨੇ ਨੌਜਵਾਨਾਂ ਵਿਚਲੀ ਪ੍ਰਤਿਭਾ ਨੂੰ ਜ਼ਿੰਦਾ ਕਰ ਦਿਖਾਇਆ ਹੈ। ਪੁਲਿਸ ਅਫਸਰ ਜੈਸੀ ਸਹੋਤਾ ਨੇ ਕਿਹਾ ਕਿ ਕਿਸੇ ਵਿਦਿਆਰਥੀ ਨੂੰ ਕੋਈ ‘ਸਟੂਡੈਂਟ’ ਲਫਜ਼ ਨਾਲ ਚਿੜਾਉਂਦਾ ਹੈ ਤਾਂ ਉਹ ਬੁਰਾ ਨਾ ਮਹਿਸੂਸ ਕਰਨ ਕਿਉਂਕਿ ਹੋਰ ਕੁਝ ਸਮੇਂ ਬਾਅਦ ਆਪਣੀ ਸਫਲਤਾ ਦਾ ਵਰਨਣ ਕਰਨ ਲੱਗਿਆਂ ਉਹ ਖ਼ੁਦ ਹੀ ਫ਼ਖ਼ਰ ਨਾਲ ਦੱਸਿਆ ਕਰਨਗੇ ਕਿ ਉਹ ਕੈਨੇਡਾ ਬਤੌਰ ਸਟੂਡੈਂਟ ਆਏ ਸਨ।

ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਰੋਮਨਪ੍ਰੀਤ, ਜੋਬਨ, ਮਨਰਾਜ ਅਤੇ ਕ੍ਰਿਪਨ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਕੀਤਾ। ਅੰਤ ਵਿਚ ਜਸ਼ਨ ਸਿੱਧੂ, ਰੋਮਨਪ੍ਰੀਤ ਅਤੇ ਅੰਮ੍ਰਿਤ ਪਾਲ ਨੇ ਮੁੱਖ ਮਹਿਮਾਨ ਬ੍ਰਿੰਡਾ ਲੌਕ, ਸਭ ਸ਼ਖ਼ਸੀਅਤਾਂ, ਸਹਿਯੋਗੀਆਂ, ਸਪਾਂਸਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.