/ Apr 17, 2025
Trending

ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਪੰਜਾਬੀ ਵਿਦਵਾਨ ਪ੍ਰੋ. ਰਵਿੰਦਰ ਸਿੰਘ ਨਾਲ ਰੂਬਰੂ ਪ੍ਰੋਗਰਾਮ

ਪ੍ਰੋ. ਰਵਿੰਦਰ ਸਿੰਘ ਨੇ ਪੰਜਾਬੀ ਸਾਹਿਤ, ਪੰਜਾਬ ਅਤੇ ਪਰਵਾਸੀ ਪੰਜਾਬੀਆਂ ਬਾਰੇ ਉਠਾਏ ਕਈ ਅਹਿਮ ਨੁਕਤੇ

ਸਰੀ, 13 ਜੂਨ 2023- (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਭਾਰਤ ਤੋਂ ਆਏ ਪ੍ਰਸਿੱਧ ਪੰਜਾਬੀ ਆਲੋਚਕ ਅਤੇ ਦਿਆਲ ਸਿੰਘ ਕਾਲਜ (ਦਿੱਲੀ ਯੂਨੀਵਰਸਿਟੀ) ਦੇ ਪ੍ਰੋਫੈਸਰ ਰਵਿੰਦਰ ਸਿੰਘ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪ੍ਰੋ. ਰਵਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੇ ਵਿਚਾਰਧਾਰਕ ਪੱਖ, ਰਾਜਨੀਤਕ ਸੁਰ, ਗੁਰਬਾਣੀ, ਪੰਜਾਬ, ਪਰਵਾਸੀ ਪੰਜਾਬ ਅਤੇ ਪੰਜਾਬੀਅਤ ਬਾਰੇ ਵਿਸਥਾਰ ਵਿਚ ਬੜੇ ਅਹਿਮ ਪਹਿਲੂਆਂ ਉਪਰ ਆਪਣਾ ਨਜ਼ਰੀਆ ਪੇਸ਼ ਕੀਤਾ।

ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਪ੍ਰੋ. ਰਵਿੰਦਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਅਤੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਪ੍ਰੋ. ਰਵਿੰਦਰ ਸਿੰਘ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਸਥਾਪਨਾ ਅਤੇ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਕ ਅਜਿਹਾ ਪਲੇਟਫਾਰਮ ਜਿੱਥੇ ਆ ਕੇ ਕੋਈ ਵੀ ਸਾਹਿਤਕਾਰ, ਵਿਦਵਾਨ, ਕਲਾਕਾਰ, ਸਮਾਜ ਸੇਵੀ, ਪੱਤਰਕਾਰ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਨਿਰਸੰਕੋਚ ਕਰ ਸਕਦਾ ਹੈ।

ਪ੍ਰੋ. ਰਵਿੰਦਰ ਸਿੰਘ ਨੇ ਇੰਡੀਅਨ ਇੰਸਟੀਚਿਊਟ ਆਫ ਅਡਵਾਂਸਡ ਸਟੱਡੀ ਸ਼ਿਮਲਾ ਵਿਖੇ ਆਪਣੀ ਮੌਜੂਦਾ ਜ਼ਿੰਮੇਂਵਾਰੀ ਬਾਰੇ ਦੱਸਣ ਤੋਂ ਬਾਅਦ ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਕਿਹਾ ਕਿ ਅਜੋਕਾ ਪੰਜਾਬੀ ਸਾਹਿਤ ਮੁੱਢਲੇ ਤੌਰ ਦੇ ਰਾਜਨੀਤੀ ਤੋਂ ਪ੍ਰਭਾਵਿਤ ਹੈ ਅਤੇ ਇਸ ਵਿੱਚੋਂ ਵਿਚਾਰਧਾਰਕ ਪੱਖ ਛੁੱਟ ਰਿਹਾ ਹੈ। ਅੱਜ ਦਾ ਸਾਹਿਤ ਆਮ ਲੋਕਾਂ ਦੀ ਪਕੜ ਤੋਂ ਬਾਹਰ ਹੋ ਰਿਹਾ ਹੈ ਪਰ ਲੇਖਕਾਂ ਨੂੰ ਇਸ ਦਾ ਅਹਿਸਾਸ ਪੂਰੀ ਤਰ੍ਹਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਕਿਸੇ ਵੀ ਸਾਹਿਤਕ ਰਚਨਾ ਨੂੰ ਕਿਸੇ ਵਿਸ਼ੇਸ਼ ਵਿਚਾਰਧਾਰਾ ਤਹਿਤ ਵਾਚਦੇ ਹਾਂ ਜਾਂ ਕਿਸੇ ਖਾਸ ਤੇ ਇਕਹਿਰੇ ਨਜ਼ਰੀਆ ਨਾਲ ਪੜ੍ਹਦੇ ਹਾਂ ਤਾਂ ਉਹ ਰਚਨਾ ਇਕ ਦਾਇਰੇ ਵਿਚ ਸਿਮਟ ਕੇ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੀ ਰਚਨਾ ਭਾਵੇਂ ਪੰਜਾਬ ਵਿਚ ਕੀਤੀ ਜਾ ਰਹੀ ਹੈ ਜਾਂ ਵਿਦੇਸ਼ਾਂ ਵਿਚ ਹੋ ਰਹੀ ਹੈ ਪਰ ਉਸ ਵਿਚਲਾ ਪੰਜਾਬੀ ਖਾਸਾ ਇੱਕੋ ਹੀ ਹੈ। ਉਨ੍ਹਾਂ ਨਵੀਂ ਪੀੜ੍ਹੀ ਵੱਲੋਂ ਬਹੁਤ ਘੱਟ ਸਾਹਿਤ ਲਿਖਣ ਦੀ ਗੱਲ ਵੀ ਕਹੀ।

ਪ੍ਰੋ. ਰਵਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਵਿਚ ਬੈਠ ਕੇ ਪੰਜਾਬ ਬਾਰੇ ਚਿੰਤਾ ਹੋਣੀ ਜ਼ਰੂਰੀ ਤਾਂ ਹੈ ਪਰ ਬਾਹਰ ਬੈਠ ਕੇ ਅਸੀਂ ਕੁੱਝ ਨਹੀਂ ਕਰ ਸਕਦੇ, ਕਰਨਾ ਤਾਂ ਉਨ੍ਹਾਂ ਲੋਕਾਂ ਨੇ ਹੀ ਹੈ ਜੋ ਪੰਜਾਬ ਵਿਚ ਬੈਠੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਕਿਸੇ ਇਕ ਧਿਰ ਦੇ ਵਿਚਾਰ ਜਾਂ ਪੱਖ ਸੁਣ ਕੇ ਉਸ ਨੂੰ ਹੀ ਸੱਚ ਨਹੀਂ ਮੰਨ ਲੈਣਾ ਚਾਹੀਦਾ ਸਗੋਂ ਵਿਵਾਦ ਪੂਰਨ ਮਸਲਿਆਂ ਬਾਰੇ ਵੱਖ ਵੱਖ ਸਰੋਤਾਂ ਤੋਂ ਸਾਰੇ ਧਿਰਾਂ ਦਾ ਪੱਖ ਜਾਣ ਕੇ ਹੀ ਆਪਣੀ ਕੋਈ ਸੋਚ ਨਿਰਧਾਰਤ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜਨੀਤਕ ਸੋਚ ਲੈ ਕੇ ਵਿਦੇਸ਼ਾਂ ਵਿਚ ਆ ਰਹੇ ਕੁਝ ਲੋਕ ਪੰਜਾਬ ਅਤੇ ਭਾਰਤ ਬਾਰੇ ਜੋ ਨਾਂਹ ਪੱਖੀ ਗੱਲਾਂ ਕਰਦੇ ਹਨ, ਉਹ ਕਰ ਤਾਂ ਕੁਝ ਨਹੀਂ ਸਕਦੇ ਪਰ ਬਾਹਰ ਬੈਠੇ ਪੰਜਾਬੀ ਭਾਈਚਾਰੇ ਵਿਚ ਘਬਰਾਹਟ ਜ਼ਰੂਰ ਪੈਦਾ ਕਰ ਰਹੇ ਹਨ ਅਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾ ਰਹੇ ਹਨ। ਪਿਛਲੇ ਸਮੇਂ ਵਿਚ ਸੋਸ਼ਲ ਮੀਡੀਆ ਉੱਪਰ ਦਰਸਾਈਆਂ ਗਈਆਂ ਕੁਝ ਚੀਜ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਦਾ ਪੰਜਾਬ ਅਤੇ ਖਾਸ ਕਰ ਕੇ ਦਿੱਲੀ ‘ਤੇ ਬਹੁਤ ਅਸਰ ਪੈਂਦਾ ਹੈ ਅਤੇ ਫਿਰ ਉਨ੍ਹਾਂ ਦੇ ਜਵਾਬ ਵਿਚ ਉਧਰੋਂ ਅਜਹਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਏਹੀ ਹੈ ਕਿ ਬਾਹਰ ਬੈਠੇ ਪੰਜਾਬੀ ਆਪਣੇ ਪਰਵਾਸੀ ਪੰਜਾਬ ਬਾਰੇ, ਪਰਵਾਸੀ ਜੀਵਨ। ਕਲਚਰ, ਸਮੱਸਿਆਵਾਂ, ਮੰਗਾਂ ਸੰਵਾਦ ਰਚਾਉਣ।

ਇਸ ਮੌਕੇ ਬੋਲਦਿਆਂ ਉਨ੍ਹਾਂ ਦੀ ਸੁਪਤਨੀ ਗੁਰਜੀਤ ਕੌਰ ਨੇ ਕਿਹਾ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਪੰਜਾਬ ਤੋਂ, ਭਾਰਤ ਤੋਂ ਆਏ ਹਾਂ, ਜਾਣਾ ਵੀ ਓਥੇ ਚਾਹੁੰਦੇ ਹਾਂ, ਸਾਡੀ ਸੋਚ ਵੀ ਓਥੇ ਜੁੜੀ ਹੋਈ ਹੈ, ਉਸ ਮਿੱਟੀ ਨਾਲ ਸਾਨੂੰ ਮੋਹ ਪਿਆਰ ਵੀ ਹੈ ਅਤੇ ਅਸੀਂ ਇਹ ਵੀ ਭੁੱਲ ਨਹੀਂ ਸਕਦੇ ਕਿ ਉਸ ਧਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਫੇਰ ਵੀ ਓਥੋਂ ਬਾਰੇ ਅਸੀਂ ਨਾਂਹ ਪੱਖੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਾਂ। ਕੀ ਸਾਨੂੰ ਆਪਣੀ ਜਨਮ ਭੋਇੰ ਨੂੰ ਕੁਝ ਵਾਪਸ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ?

ਇਸ ਰੂਬਰੂ ਪ੍ਰੋਗਰਾਮ ਸਮੇਂ ਡਾ. ਹਰਜੀਤ ਕੌਰ ਖੈਹਿਰਾ, ਸਤੀਸ਼ ਗੁਲਾਟੀ, ਮੋਹਨ ਗਿੱਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅੰਤ ਵਿਚ ਪ੍ਰੋ. ਰਵਿੰਦਰ ਸਿੰਘ ਅਤੇ ਸਭਨਾਂ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਰੂਬਰੂ ਪ੍ਰੋਗਰਾਮ ਵਿਚ ਡਾ. ਸੁਖਵਿੰਦਰ ਸਿੰਘ ਸੇਖੋਂ, ਲਖਵਿੰਦਰ ਸਿੰਘ ਔਜਲਾ, ਕੁਲਦੀਪ ਮਿਨਹਾਸ, ਜਰਨਲਿਸਟ ਬਖਸ਼ਿੰਦਰ ਅਤੇ ਹਰਦਮ ਸਿੰਘ ਮਾਨ ਵੀ ਮੌਜੂਦ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.