/ Feb 05, 2025
Trending
ਪਹਿਲੀ ਜਨਮ ਸ਼ਤਾਬਦੀ ’ਤੇ ਵਿਸ਼ੇਸ਼
ਸ. ਕ੍ਰਿਪਾਲ ਸਿੰਘ ਚਿੱਤਰਕਾਰ ਦਾ ਨਾਮ ਕਿਸੇ ਜਾਣ ਪਹਿਚਾਣ ਤੋਂ ਮੁਥਾਜ ਨਹੀਂ। ਉਹ ਅਜਿਹਾ ਪਹਿਲਾ ਚਿੱਤਰਕਾਰ ਹੈ ਜਿਸ ਨੇ ਸਿੱਖਾਂ ਦੇ ਮਹਾਨ ਵਿਰਸੇ ਤੇ ਵਿਰਾਸਤ, ਪਿਛਲੇ ਪੰਜ ਸੌ ਸਾਲਾਂ ਦੇ ਇਤਿਹਾਸ, ਦਰਦ ਭਰੀਆਂ ਕੁਰਬਾਨੀਆਂ, ਸ਼ਹਾਦਤਾਂ, ਜੰਗਾਂ ਤੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਆਪਣੀ ਤੀਖਣ ਬੁੱਧੀ ਨਾਲ ਵੱਡ-ਅਕਾਰੀ ਕੈਨਵਸਾਂ ’ਤੇ ਸਫਲਤਾ ਸਾਹਿਤ ਅਪਣੇ ਬੁਰਸ਼ ਦੀਆਂ ਛੋਹਾਂ ਨਾਲ ਸਾਕਾਰ ਕੀਤਾ ਹੈ। ਉਹ ਕਿਸੇ ਇਤਿਹਾਸਕਾਰ ਤੋਂ ਘੱਟ ਨਹੀਂ। ਉਹ ਸਦਾ ਸ਼ਬਦ-ਸੁਰ ’ਚ ਸਵਾਰ ਸਿੱਖ ਇਤਿਹਾਸ, ਸਿੱਖ ਸਭਿਆਚਾਰ, ਸਿੱਖ ਰਹੁ-ਰੀਤਾਂ ਨੂੰ ਆਪਣੀਆਂ ਪੇਟਿੰਗਜ਼ ਵਿਚ ਬੜੀ ਸਫਲਤਾ ਸਾਹਿਤ ਸਾਕਾਰ ਕਰਦੇ ਰਹੇ। ਉਨ੍ਹਾਂ ਦੀਆਂ ਮੂੰਹੋਂ ਬੋਲਦੀਆਂ ਪੇਟਿੰਗਜ਼ ਸਦਾ ਸੰਗਤ ਲਈ ਪ੍ਰੇਰਨਾ ਦਾ ਸੋਮਾ ਹਨ। ਉਨ੍ਹਾਂ ਦੀਆਂ ਕਲਾਂ-ਕਿਰਤਾਂ ਸਦਾ ਕਮਾਂਤਰੀ ਗਗਨ ਉਪਰ ਧਰੂ ਤਾਰੇ ਵਾਂਗ ਟਿਮ-ਟਿਮਾਉਦੀਆਂ ਵੇਖੀਆਂ ਜਾ ਸਕਦੀਆਂ ਹਨ। ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਕੇਂਦਰੀ ਸਿੱਖ ਅਜਾਇਬਘਰ ਦੇ ਉਹ ਮੋਢੀ ਤੇ ਪਹਿਲੇ ਚਿੱਤਰਕਾਰ ਸਨ।
ਸਿੱਖ ਕੌਮ ਦੇ ਮਹਾਨ ਚਿੱਤਰਕਾਰ ਸ. ਕ੍ਰਿਪਾਲ ਸਿੰਘ ਦੀ ਪਹਿਲੀ ਜਨਮ ਸ਼ਤਾਬਦੀ 10 ਦਸੰਬਰ, 2023 ਈ. ਨੂੰ ਆ ਰਹੀ ਹੈ। ਇਹ ਦਿਨ ਸਮੁੱਚੇ ਸਿੱਖ ਜਗਤ ਲਈ ਵਿਸ਼ੇਸ਼ ਦਿਨ ਹੈ। ਮੇਰੇ (ਲੇਖਕ ਦੇ) ਉਨ੍ਹਾਂ ਨਾਲ ਪਿਛਲੇ 57 ਸਾਲਾਂ ਤੋਂ ਨਿਰੰਤਰ ਸੰਬੰਧ ਰਹੇ ਹਨ। 51 ਸਾਲ ਪਹਿਲਾਂ ਉਹ ਮੇਰੇ ਅਨੰਦ ਕਾਰਜ ਤੇ ਆਪਣਾ ਅਸ਼ੀਰਵਾਦ ਦੇਣ ਹਿਤ ਵੀ ਪੁਜੇ ਸਨ। ਇਸ ਲਈ ਅੱਜ ਦਾ ਇਹ ਲੇਖ ਉਨ੍ਹਾਂ ਦੇ ਬਹੁਪੱਖੀ, ਬਹੁਮਤੀ ਜੀਵਨ ਸ਼ਖਸੀਅਤ ਤੇ ਕਾਰਜਾਂ ਨੂੰ ਕੁੱਜੇ ਵਿਚ ਸਮੁੰਦਰ ਨਿਆਈ ਵਾਤ ਪਾਉਣ ਦਾ ਇਕ ਉਪਰਾਲਾ ਹੈ ਤਾਂ ਜੋ ਅੱਜ ਦੇ ਪ੍ਰਸੰਗ ਵਿਚ ਉਨਾਂ ਨੂੰ ਮੁੜ ਯਾਦ ਕੀਤਾ ਜਾ ਸਕੇ।
ਆਪ ਦਾ ਜਨਮ 10 ਦਸੰਬਰ, 1923 ਈ. ਨੂੰ ਪਿੰਡ ਵਾੜਾ ਚੱਕ ਸਿੰਘ ਜ਼ੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ. ਭਗਤ ਸਿੰਘ ਰਾਮਗੜ੍ਹੀਆ ਦੇ ਘਰ ਹੋਇਆ। ਆਪ ਦੇ ਪਿਤਾ ਨਾਮੀ ਦਸਤਕਾਰ ਸਨ। ਆਪ ਨੇ ਸੰਨ 1942 ਤੋਂ 1947 ਈ. ਤਕ ਮਿਲਟਰੀ ਦੇ ਅਕਾਊਂਟ ਵਿਭਾਗ ਵਿਚ ਕੰਮ ਕੀਤਾ। ਇਹ ਕੰਮ ਉਨ੍ਹਾਂ ਨੂੰ ਪਸੰਦ ਨਹੀਂ ਆਇਆ। ਭਾਰਤ ਦੀ ਆਜ਼ਾਦੀ ਮਗਰੋਂ ਉਨ੍ਹਾਂ ਨੇ ਕਲਾ ਖੇਤਰ ਵਿਚ ਪ੍ਰਵੇਸ਼ ਕਰਨ ਦਾ ਮਨ ਬਣਾਇਆ। ਉਨ੍ਹਾਂ ਇਸ ਗੱਲ ਨੂੰ ਧਾਰ ਲਿਆ ਅਤੇ ਸਿੱਖਾਂ ਦੇ ਗੌਰਵਮਈ ਇਤਿਹਾਸ ਦੇ ਸੁਨਿਹਰੇ ਪੰਨਿਆਂ ’ਤੇ ਇਤਿਹਾਸਿਕ ਘਟਨਾਵਾਂ ਨੂੰ ਉਲੀਕਣਾ ਅਰੰਭ ਕਰ ਦਿੱਤਾ। ਇਹ ਮਹਾਨ ਕਾਰਜ ਦੀ ਅਗਵਾਈ ਤੇ ਪ੍ਰੇਰਨਾ ਰਾਜਾ ਰਵੀ ਵਰਮਾ ਦੇ ਚਿੱਤਰਾਂ ਤੋਂ ਲਈ। ਇਹ ਅਜਿਹਾ ਸਮਾਂ ਸੀ ਜਦੋਂ ਚਿੱਤਰਕਾਰ ਨੂੰ ਭੁੱਖ, ਗਰੀਬੀ, ਤੰਗੀਆਂ-ਤਰਾਸ਼ੀਆਂ ਆਦਿ ਦੈਂਤਾਂ ਨਾਲ ਜ਼ਬਰਦਸਤ ਘੋਲ ਕਰਨਾ ਪਿਆ। ਅਜਿਹੇ ਅਵਸਰ ਤੇ ਚਿੱਤਰਕਾਰ ਕ੍ਰਿਪਾਲ ਸਿੰਘ ਨੇ ਹਿੰਮਤ ਨਹੀ ਹਾਰੀ ਤੇ ਇਕ ਬਹਾਦਰ ਸੂਰਮੇ ਵਾਂਗ ਕਲਾ ਦੇ ਪਿੜ ਵਿਚ ਅੱਗੇ ਹੀ ਵਧਦਾ ਗਿਆ।
ਸੰਨ 1950 ਵਿਚ ਆਲ ਇੰਡੀਆ ਫਾਈਨ ਆਰਟਸ ਸੁਸਾਇਟੀ ਵੱਲੋਂ ਸ਼ਿਮਲੇ ਵਿਚ ਆਯੋਜਿਤ ਇਕ ਪ੍ਰਦਰਸ਼ਨੀ ਵਿਚ ਭਾਗ ਲਿਆ। ਇਸ ਪ੍ਰਦਰਸ਼ਨੀ ਵਿਚ ਆਪ ਜੀ ਵੱਲੋਂ ਜਿਸ ਚਿੱਤਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਉਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੇ-ਦਾਵਾ ਪਾੜਨ ਦੀ ਪ੍ਰਸਿੱਧ ਘਟਨਾ ਨੂੰ ਦਰਸਾਇਆ ਗਿਆ ਸੀ। ਇਸ ਪੇਟਿੰਗ ਨੂੰ ਵੇਖ ਕੇ ਹਰ ਅੱਖ ਦੰਗ ਰਹਿ ਗਈ ਕਿ ਇੰਨੀ ਸਾਰਥਕਤਾ, ਪ੍ਰਬੀਨਤਾ ਇਸ ਚਿੱਤਰਕਾਰ ਨੇ ਕਿਵੇਂ ਦੇ ਦਿੱਤੀ?- ਪ੍ਰਦਰਸ਼ਨੀ ਦੀ ਚੋਣ ਕਮੇਟੀ ਦੇ ਮੈਂਬਰਾਂ ਨੂੰ ਆਪ ਦੀ ਅਸਚਰਜ ਕਲਾ ਕ੍ਰਿਤ ਦੇ ਕ੍ਰਿਸ਼ਮੇ ਦਾ ਕਾਇਲ ਹੋਣਾ ਪਿਆ। ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਇੰਨਾ ਚੰਗਾ ਤੇ ਸਫਲ ਪੇਂਟਿੰਗ ਇਸ ਚਿੱਤਰਕਾਰ ਦੇ ਹੱਥਾਂ ਦੀ ਕ੍ਰਿਤ ਹੋਵੇਗੀ?
ਸ. ਕ੍ਰਿਪਾਲ ਸਿੰਘ ਨੇ ਸੰਨ 1955 ਵਿਚ ਅਪਣੀਆਂ ਕਲਾ ਕਿਰਤਾਂ ਦੀ ਪਹਿਲੀ ਇਕ ਪੁਰਖੀ ਕਲਾ ਪ੍ਰਦਰਸ਼ਨੀ ਜਲੰਧਰ ਵਿਚ ਆਯੋਜਿਤ ਕੀਤੀ। ਪ੍ਰਦਰਸ਼ਨੀ ਵਿਚ ਆਪ ਦੇ ਕੁਝ ਕੁ ਚਿੱਤਰ ਵਿਕ ਗਏ। ਇਸ ਨਾਲ ਉਨ੍ਹਾਂ ਨੂੰ ਕਾਫੀ ਉਤਸ਼ਾਹ ਮਿਲਿਆ। ਜੋ ਰਕਮ ਮਿਲੀ ਉਸ ਦੀ ਕਲਾ ਸਮਗਰੀ ਖਰੀਦੀ ਅਤੇ ਹੋਰ ਚਿੱਤਰਾਂ ਨੂੰ ਉਲੀਕਣ ਵਿਚ ਜੁਟ ਗਏ। ਸੰਨ 1956 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਤ ਕੀਤਾ। ਪਹਿਲਾ ਇਨਾਮ ਸ. ਕ੍ਰਿਪਾਲ ਸਿੰਘ ਨੂੰ ਪ੍ਰਾਪਤ ਹੋਇਆ। ਇਹ ਉਹ ਸਮਾਂ ਸੀ ਜਦੋਂ ਆਪ ਨੂੰ ਕਲਾ ਖੇਤਰ ਵਿਚ ਪੂਰਨ ਰੂਪ ਵਿਚ ਜਾਣਿਆ ਪਹਿਚਾਣਿਆ ਜਾਣ ਲੱਗਾ।
ਆਪ ਜੀ ਦੀ ਕਲਾ ਪ੍ਰਤਿਭਾ ਤੋਂ ਪ੍ਰਭਾਵਤ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1955 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਹਿਤ ਆਪ ਦੀਆਂ ਵਡਮੁੱਲੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਇਨ੍ਹਾਂ ਛੇ ਸਾਲਾਂ ਦੇ ਦੌਰਾਨ ਆਪ ਦੇ ਵੱਡ-ਅਕਾਰੀ 36 ਪੇਟਿੰਗਜ਼ ਦੀ ਸਿਰਜਨਾ ਕੀਤੀ। ਇਹ ਪੇਟਿੰਗਜ਼ ਵਿਸ਼ੇਸ਼ ਤੌਰ ’ਤੇ ਅਰਦਾਸ ਨਾਲ ਜੁੜੀਆਂ ਹੋਈਆਂ ਸਨ। ਮੂੰਹ ਬੋਲਦੀਆਂ ਪੇਟਿੰਗਜ਼ ਵਿਚ ਸਿੱਖ ਵਿਰਸਾ ਤੇ ਵਿਰਾਸਤ ਦੀ ਖੂਬਸੂਰਤ ਝਲ਼ਕ ਸੀ। ਦੇਗਾਂ ਵਿਚ ਉੱਬਲਦੇ, ਬੰਦ ਬੰਦ ਕਟਵਾਉਂਦੇ, ਚਰਖੜੀਆਂ ’ਤੇ ਚੜ੍ਹਦੇ, ਸਿਰਾਂ ਦੇ ਮੁੱਲ ਪਵਾਉਂਦੇ ਸੂਰਮਿਆਂ ਦੀਆਂ ਮੂੰਹ ਬੋਲਦੀਆਂ ਸ਼ਹਾਦਤਾਂ ਅੱਗੇ ਦਰਸ਼ਕਾਂ ਦੇ ਸਿਰ ਝੁਕ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸਿੱਖ ਗੁਰੂ ਸਾਹਿਬਾਨ ਦੀਆਂ ਵੱਖ-ਵੱਖ ਸਮੇਂ ਅਦੁੱਤੀ ਤੇ ਅਨੂਠੀਆਂ ਘਟਨਾਵਾਂ ਨੂੰ ਚਿੱਤਰਕਾਰ ਨੇ ਅਪਣੇ ਸੂਖ਼ਮ ਜਜ਼ਬਿਆਂ ਰਾਹੀਂ ਸਾਕਾਰ ਕੀਤਾ ਹੈ।
ਸੰਨ 1963 ਤੋਂ 1966 ਈ. ਤੱਕ ਦਾ ਸਮਾਂ ਆਪ ਨੇ ਦਿੱਲੀ ਵਿਚ ਬਿਤਾਇਆ। ਇਨ੍ਹਾਂ ਤਿੰਨਾਂ ਸਾਲਾਂ ਦੇ ਸਮੇਂ ਵਿਚ ਪ੍ਰਮੁੱਖ ਰੂਪ ਵਿਚ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੇਂਟਿੰਗਜ਼ ਦੀ ਸਿਰਜਨਾ ਕੀਤੀ। ਇਨਾਂ ਪੇਂਟਿੰਗਜ਼ ਦੀ ਸੇਵਾ ਆਪ ਦੀ ਕਲਾ ਕੋਸ਼ਲਤਾ ਤੋਂ ਪ੍ਰਭਾਵਿਤ ਹੋ ਕੇ ਕਲਾ-ਪ੍ਰੇਮੀ ਤੇ ਪੰਥ ਦਰਦੀ ਸ. ਮਹਿਤਾਬ ਸਿੰਘ ਹਿੰਦੂਸਤਾਨ ਰੈਫਰੀਜੇਸ਼ਨ (ਦਰਿਆ ਗੰਜ) ਨਵੀਂ ਦਿੱਲੀ ਨੇ ਕਰਵਾਈ ਜੋ ਉਨ੍ਹਾਂ ਨੇ ਬਾਦ ਵਿਚ ਦਿੱਲੀ ਕਮੇਟੀ ਨੂੰ ਸੌਂਪ ਦਿੱਤੇ ਜੋ ਬਾਅਦ ਵਿਚ ਦਿੱਲੀ ਦੇ ਸਿੱਖ ਅਜਾਇਬ ਘਰ ਦੇ ਮੋਢੀ ਚਿੱਤਰਕਾਰ ਤੇ ਨਿਰਮਾਤਾ ਵੀ ਸ. ਕ੍ਰਿਪਾਲ ਸਿੰਘ ਹੀ ਹਨ।
ਸੰਨ 1967 ਵਿਚ ਆਪ ਨੇ ਆਪਣੀ ਚਿੱਤਰਸ਼ਾਲਾ ਚੰਡੀਗੜ ਵਿਚ ਸਥਾਪਤ ਕਰ ਦਿੱਤੀ। ਇੱਥੇ ਆਪ ਨੇ ਕਈ ਪੇਂਟਿੰਗ ਚੰਡੀਗੜ ਆਰਟ-ਗੈਲਰੀ ਤੇ ਮਿਊਜ਼ੀਅਮ ਲਈ ਤਿਆਰ ਕੀਤੇ। ਡਾਕਟਰ ਐਮ. ਐਸ. ਰੰਧਾਵਾ ਨੇ ਆਪ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਨੈਸ਼ਨਲ ਹਿਸਟਰੀ ਮਿਊਜ਼ੀਅਮ ਸਥਾਪਿਤ ਕਰਨ ਹਿਤ ਵੱਡ ਅਕਾਰੀ ਪੇਂਟਿੰਗਜ਼ ਬਣਾਉਣ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ।
ਚਿੱਤਰਕਾਰ ਨੇ ਗੁਰੂ ਨਾਨਕ ਸਾਹਿਬ ਦੀਆਂ ਜੀਵਨ ਘਟਨਾਵਾਂ ਨੂੰ ਆਪਣੇ ਬੁਰਸ਼ ਦੀਆਂ ਛੋਹਾਂ ਨਾਲ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ। ਇਨ੍ਹਾਂ ਵਿੱਚੋਂ ਮੈਨੂੰ ਦੋ ਪੇਂਟਿੰਗਜ਼ ਨੇ ਤਾਂ ਅਤਿਅੰਤ ਪ੍ਰਭਾਵਿਤ ਕੀਤਾ ਹੈ। ਪਹਿਲਾ ਗੁਰੂ ਨਾਨਕ ਦਾ ਬਾਬਰ ਦੇ ਦਰਬਾਰ ਵਾਲਾ ਤੇ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਨ ਸਰੋਵਰ ਦੀ ਯਾਤਰਾ ਵਾਲੀ ਪੇਂਟਿੰਗ ਹੈ। ਇਸੇ ਤਰਾਂ ਮਹਾਨ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਹੱਥੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਕਲਾ ਕ੍ਰਿਤ ਸਾਂਝੀਵਾਲਤਾ ਦੀ ਮੂੰਹ ਬੋਲਦੀ ਤਸਵੀਰ ਹੈ। ਜਿਸ ਦਿਸ਼ਾ ਵਿਚ ਬਾਬਾ ਬੁੱਢਾ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ ਤੇ ਹੋਰ ਗੁਰਸਿੱਖਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਜਨਮ ਤੋਂ ਲੈ ਕੇ ਅੰਤ ਤਕ ਬੜੇ ਯਥਾਰਥਕ ਢੰਗ ਕਲਾਕਾਰ ਦੇ ਹੱਥਾਂ ਦਾ ਕਮਾਲ ਹੈ।
ਜਦੋਂ ਚਿੱਤਰਕਾਰ ਲੜਾਈਆਂ ਦੇ ਦ੍ਰਿਸ਼ਾਂ ਨੂੰ ਚਿਤਰਦਾ ਹੈ ਤਾਂ ਉਸ ਦੀ ਕਲਾ ਸਿਖਰਾਂ ਛੋਂਹਦੀ ਪ੍ਰਤੀਤ ਹੁੰਦੀ ਹੈ। ਹਜ਼ਾਰਾਂ ਵਿਅਕਤੀਆਂ ਦਾ ਲੜਾਈ ਵਿਚ ਲੜਨਾ, ਘੋੜਿਆਂ ਦਾ ਦੌੜਣਾ, ਨੇਜ਼ਿਆਂ ਤੇ ਤਲਵਾਰਾਂ ਦੀ ਲਸ਼ਕੋਰ, ਬੰਦੂਕਾਂ ਤੇ ਤੋਪਾਂ ਦੇ ਗੋਲਿਆਂ ਨਾਲ ਧੂੰਆਂਧਾਰ ਹੋਇਆ ਆਕਾਸ਼, ਵਰ੍ਹਦਿਆਂ ਤੀਰਾਂ ਵਿਚ ਜੋਸ਼ੀਲੇ ਚਿਹਰਿਆਂ ਵਾਲੇ ਅਣਖੀਲੇ ਯੋਧਿਆਂ ਦਾ ਵੈਰੀ ਨੂੰ ਲਲਕਾਰਦੇ ਹੋਏ ਦਰਸਾਉਣਾ ਇਸ ਮਹਾਨ ਚਿੱਤਰਕਾਰ ਦੇ ਬੁਰਸ਼ ਦਾ ਹੀ ਚਮਤਕਾਰ ਹੈ। ਲੜਾਈ ਸੰਬੰਧੀ ਚਿੱਤਰ ਵਿਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਚਮਕੌਰ ਦੇ ਜੰਗ-ਏ-ਮੈਦਾਨ ’ਚ ਲੜਨਾ, ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਦੀ ਇੱਟ ਨਾਲ ਇੱਟ ਵਜਾਉਣਾ, ਛੋਟਾ ਘੱਲੂਘਾਰਾ ਆਦਿ ਚਿੱਤਰ ਕਲਾਕਾਰ ਦੀ ਤੀਖਣ ਸੂਝ ਦਾ ਪ੍ਰਤੀਕ ਹਨ।
ਆਪ ਦੀ ਪੇਂਟਿੰਗਜ਼ ਪੰਜਾਬ ਦੀਆਂ ਯਾਦਗਾਰਾਂ, ਅਜਾਇਬ ਘਰਾਂ, ਸੰਸਥਾਵਾਂ ਤੇ ਸਮਾਰਕਾਂ ਵਿਚ ਪ੍ਰਦਰਸਿਤ ਆਪਣੀ ਕਲਾ ਦੀ ਮਹਿਕ ਖਿੰਡਾ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਪੰਜ ਪੇਂਟਿੰਗਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਪ੍ਰਦਰਸ਼ਤ ਹਨ। ਇਸ ਤਰ੍ਹਾਂ ਬਹੁਤ ਹੀ ਵੱਡ-ਅਕਾਰੀ ਪੇਂਟਿੰਗਜ਼ ਐਂਗਲੋ – ਸਿੱਖ ਵਾਰ ਨਾਲ ਸੰਬੰਧਿਤ ਫਿਰੋਜਸ਼ਾਹ ਮੈਮੋਰੀਅਲ ਵਿਖੇ ਪ੍ਰਦਸ਼ਤ ਹਨ। ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਸ੍ਰੀ ਅਨੰਦਪੁਰ ਸਾਹਿਬ ਵਿਚ 7 ਪੇਂਟਿੰਗ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਆਧਾਰਿਤ ਪ੍ਰਦਰਸ਼ਤ ਹਨ। ਇਸੇ ਤਰ੍ਹਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿਚ ਅਪਣੇ ਜੌਹਰ ਵਿਖਾਉਂਦੇ ਦਰਸਾਏ ਗਏ ਹਨ ਜੋ ਆਪ ਦੀ ਕਲਾ ਦੇ ਸੁੰਦਰ ਪ੍ਰਤੀਕ ਹਨ। ਚੰਡੀਗੜ੍ਹ ਮਿਊਜ਼ੀਅਮ ਤੇ ਆਰਟ ਗੈਲਰੀ ਵਿਚ ਆਪ ਦੀਆਂ ਪੇਂਟਿੰਗਜ਼ ਪ੍ਰਦਰਸ਼ਿਤ ਹਨ।
ਕਲਾ ਦੇ ਖੇਤਰ ਵਿਚ ਆਪ ਜੀ ਨੂੰ ਅਨੇਕਾਂ ਮਾਣ ਤੇ ਸਨਮਾਨ ਪ੍ਰਾਪਤ ਹੋਏ ਹਨ। ਆਪ ਦੀ ਕਲਾ ਨੂੰ ਉਤਸ਼ਾਹਤ ਕਰਨ ਹਿਤ ਡਾ. ਐਮ. ਐਸ. ਰੰਧਾਵਾ ਦੀ ਬੜੀ ਸਰਪ੍ਰਸਤੀ ਰਹੀ ਹੈ। ਮਲਿਕ ਹਰਦਿੱਤ ਸਿੰਘ, ਸਿਰਦਾਰ ਕਪੂਰ ਸਿੰਘ ਤੇ ਡਾ. ਇੰਦਰਜੀਤ ਸਿੰਘ (ਸਿੰਧ ਬੈਂਕ) ਨੇ ਵੀ ਕਲਾਕਾਰ ਦੀ ਸਦਾ ਪਿੱਠ ਠੋਕੀ ਹੈ। ਉਨ੍ਹਾਂ ਦੀ ਕਲਾ ਦੇ ਪ੍ਰਸੰਸਕਾਂ ਦਾ ਘੇਰਾ ਬੜਾ ਵਿਸ਼ਾਲ ਹੈ। ਪ੍ਰੋ: ਸਤਬੀਰ ਸਿੰਘ, ਸ. ਭਾਨ ਸਿੰਘ, ਸ. ਤਰਲੋਚਨ ਸਿੰਘ ਨੇ ਸਮੇਂ ਸਮੇਂ ਕਲਾਕਾਰ ਨੂੰ ਉਤਸ਼ਾਹਤ ਕੀਤਾ ਹੈ। ਸੰਨ 1990 ਵਿਚ ਜਦੋਂ ਕਲਾਕਾਰ ਨੇ ਸਦੀਵੀ ਵਿਛੋੜਾ ਦਿੱਤਾ ਤਾਂ ਭੋਗ ਸਮੇਂ ਸ. ਗੁਰਚਰਨ ਸਿੰਘ ਟੌਹੜਾ ਨੇ ਚਿੱਤਰਕਾਰ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਸ਼ਰਧਾ ਦੇ ਫੁਲ ਭੇਂਟ ਕੀਤੇ।
ਅੱਜ ਭਾਵੇਂ ਸ. ਕ੍ਰਿਪਾਲ ਸਿੰਘ ਸਾਡੇ ਵਿਚ ਨਹੀ ਪਰ ਉਨਾਂ ਦੀਆਂ ਬਣਾਈਆਂ ਕਲਾ ਕਿਰਤਾਂ ਕੌਮਾਂਤਰੀ ਗਗਨ ਉਪਰ ਧਰੂਵ ਤਾਰੇ ਵਾਂਗ ਸਦਾ ਟਿਮ-ਟਿਮਾਉਂਦੀਆਂ ਰਹਿਣਗੀਆਂ। ਉਹ ਸਮੁੱਚੇ ਪੰਥ ਲਈ ਅਪਣੀਆਂ ਅਦੁੱਤੀ ਤੇ ਸ਼ਾਨਦਾਰ ਸੇਵਾਵਾਂ ਕਰ ਕੇ ਅਪਣੀ ਅਮਿਟ ਛਾਪ ਛੱਡ ਗਏ ਹਨ। ਅੱਜ ਉਨਾਂ ਦੀ ਪਹਿਲੀ ਜਨਮ ਸ਼ਤਾਬਦੀ ਤੇ ਮੈਂ ਸ਼ਰਧਾ ਦੇ ਫੁਲ ਭੇਂਟ ਕਰਨ ਦੀ ਖੁਸ਼ੀ ਲੈਂਦਾ ਹਾਂ।
ਜੈਤੇਗ ਸਿੰਘ ਅਨੰਤ
ਸਰੀ, ਕੈਨੇਡਾ।
ਸੰਪਰਕ ਨੰ: +1 77838-58141
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025