/ Feb 05, 2025
Trending
ਸਰੀ, 12 ਜੁਲਾਈ (ਹਰਦਮ ਮਾਨ)-ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਪੰਜਾਬੀ ਸਾਹਿਤ ਅਤੇ ਪੁਸਤਕਾਂ ਦਾ ਪ੍ਰਚਾਰ ਪਾਸਾਰ ਹਿਤ ਡਿਕਸੀ ਰੋਡ ਮਿਸੀਸਾਗਾ ਵਿਖੇ ਪੁਸਤਕ ਮੇਲਾ ਲਾਇਆ ਗਿਆ ਹੈ। ਇਸ ਮੇਲੇ ਦਾ ਉਦਘਾਟਨ ਯੂਨਾਈਟਿਡ ਗਰੁੱਪ ਦੇ ਮਾਲਕ ਦੇਵ ਮਾਂਗਟ ਨੇ ਕੀਤਾ ਅਤੇ ਬਹੁਤ ਸਾਰੇ ਪਾਠਕਾਂ ਨੇ ਪਹਿਲੇ ਦਿਨ ਹੀ ਕਿਤਾਬਾਂ ਖਰੀਦ ਕੇ ਅਤੇ ਹੋਰ ਕਿਤਾਬਾਂ ਦੇ ਅਡਵਾਂਸ ਆਰਡਰ ਲਿਖਵਾ ਕੇ ਪੁਸਤਕਾਂ ਨੂੰ ਜੀ ਆਇਆਂ ਕਿਹਾ।
ਯੂਨਾਈਟਿਡ ਗਰੁੱਪ ਦੇ ਓਨਰ ਦੇਵ ਮਾਂਗਟ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਕਿਹਾ ਕਿ ਟਰਾਂਟੋ ਅਤੇ ਗਰੇਟਰ ਏਰੀਆ ਲਈ ਇਹ ਸ਼ੁਭ ਸ਼ਗਨ ਹੈ ਕਿ ਕਿਤਾਬਾਂ ਸਾਡੇ ਘਰ ਚੱਲ ਕੇ ਆਈਆਂ ਹਨ ਤੇ ਸਾਡਾ ਸਭਨਾਂ ਦਾ ਫਰਜ਼ ਹੈ ਘਰ-ਘਰ ਲਾਇਬਰੇਰੀ ਬਣਾਉਣ ਦਾ ਅਹਿਦ ਕਰੀਏ। ਟੋਨੀ ਸੰਧੂ ਅਤੇ ਨੌਜਵਾਨ ਹੈਰੀ ਸੰਧੂ ਨੇ ਵੀ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਮੋਹਨ ਸਿੰਘ ਨੇ ਕਿਤਾਬਾਂ ਦੀ ਦੁਨੀਆਂ ਦੀ ਗੱਲ ਕਈ ਮਿਸਾਲਾਂ ਦੇ ਕੇ ਕੀਤੀ। ਇਕਬਾਲ ਮਾਹਲ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗੁਰਦਿਆਲ ਬੱਲ ਨੇ ਆਪਣੇ ਦੋਸਤਾਂ ਨੂੰ ਕਿਤਾਬਾਂ ਦੇ ਮੇਲੇ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਲਈ ਕਿਹਾ। ਪੰਕਜ ਸ਼ਰਮਾ, ਮੋਨਿਕਾ, ਕਿਰਨ ਲਗਾਤਾਰ ਕਿਤਾਬਾਂ ਨਾਲ ਦੋਸਤੀ ਪਾਉਂਦੇ ਦੇਖੇ ਗਏ। ਮਨਜੀਤ ਮਾਹਲ ਨੇ ਉਦਘਾਟਨ ਦੇ ਸਾਰੇ ਇੰਤਜ਼ਾਮ ਕੀਤੇ।
ਜ਼ਿਕਰਯੋਗ ਹੈ ਕਿ ਇਸ ਪੁਸਤਕ ਮੇਲੇ ਵਿਚ ਅੱਠ ਹਜ਼ਾਰ ਤੋਂ ਵੱਧ ਟਾਈਟਲ ਪ੍ਰਦਰਸ਼ਤ ਕੀਤੇ ਗਏ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰ ਲਿਮਟਿਡ ਸਰੀ ਦੇ ਮਾਲਕ ਸਤੀਸ਼ ਗੁਲਾਟੀ ਨੇ ਕਿਹਾ ਇਸ ਵਾਰ ਦਾ ਪੁਸਤਕ ਮੇਲਾ ਅਹਿਮ ਹੈ, ਕਿਉਂਕਿ 8 ਹਜ਼ਾਰ ਤੋਂ ਜ਼ਿਆਦਾ ਵੱਖੋ ਵੱਖਰੀ ਵੰਨਗੀ ਦੀਆਂ ਪੁਸਤਕਾਂ ਮੇਲੇ ਵਿੱਚ ਮੌਜੂਦ ਹਨ ਜਿਨ੍ਹਾਂ ਵਿਚ ਨਾਟਕਕਾਰ ਗੁਰਸ਼ਰਨ ਭਾਜੀ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਸਿੰਘ, ਡਾਕਟਰ ਸਵਰਾਜਬੀਰ, ਡਾ ਨਿਰਮਲ ਨਿਰਮਲ ਜੌੜਾ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਪਦਮ ਸ਼੍ਰੀ, ਬਲਵੰਤ ਗਾਰਗੀ, ਮੋਹਨ ਕਾਹਲੋਂ, ਬਲਦੇਵ ਸਿੰਘ, ਕੇ ਐਲ ਗਰਗ, ਕਹਾਣੀਕਾਰ ਸੁਖਜੀਤ, ਗੁਰਬਚਨ ਸਿੰਘ ਭੁੱਲਰ, ਕਿਰਪਾਲ ਕਜਾਕ, ਡਾ ਮਨਮੋਹਨ, ਸੁਖਵੰਤ ਕੌਰ ਮਾਨ, ਪਰਮਿੰਦਰ ਸੋਢੀ ਅਤੇ ਕਨੇਡੀਅਨ ਲੇਖਕ ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਡਾ ਸਾਧੂ ਸਿੰਘ, ਇੰਦਰਜੀਤ ਕੌਰ ਸਿੱਧੂ, ਮੋਹਨ ਗਿੱਲ, ਇਕਬਾਲ ਮਾਹਲ, ਗੁਰਚਰਨ ਕੌਰ ਥਿੰਦ ਅਤੇ ਨਵੇਂ ਲੇਖਕਾਂ ਦੇ ਸੈਂਕੜੇ ਟਾਈਟਲ ਅਤੇ ਇਤਿਹਾਸ, ਸਿੱਖ ਇਤਿਹਾਸ ਸਭਿਆਚਾਰ, ਮਨੋਵਿਗਿਆਨ, ਖੇਡ ਸਾਹਿਤ ਤੋਂ ਇਲਾਵਾ ਬੱਚਿਆਂ ਦੀਆਂ ਸੈਂਕੜੇ ਪੁਸਤਕਾਂ ਮੇਲੇ ਦਾ ਸ਼ਿੰਗਾਰ ਬਣੀਆਂ ਹਨ। ਇਹ ਪੁਸਤਕ ਮੇਲਾ 10 ਜੁਲਾਈ ਤੋਂ ਸ਼ੁਰੂ ਹੋ ਕੇ ਇੱਕ ਮਹੀਨਾ ਚੱਲਦਾ ਰਹੇਗਾ। ਪੁਸਤਕ ਮੇਲੇ ਵਿੱਚ ਹਰ ਹਫ਼ਤੇ ਕਿਸੇ ਨਾ ਕਿਸੇ ਕਿਤਾਬ ਤੇ ਗੋਸ਼ਟੀ ਵੀ ਹੋਵੇਗੀ, ਸੰਵਾਦ ਵੀ ਛਿੜੇਗਾ, ਮੌਜੂਦਾ ਸਮੇਂ ਰਚੇ ਅਤੇ ਪੜ੍ਹੇ ਜਾ ਰਹੇ ਸਾਹਿਤ ਬਾਰੇ ਗੱਲਬਾਤ ਵੀ ਹੋਵੇਗੀ। ਵਿਚਾਰ ਚਰਚਾ ਵਿੱਚ ਕੋਈ ਵੀ ਪਾਠਕ ਹਿੱਸਾ ਲੈ ਸਕੇਗਾ। ਇਹ ਪੁਸਤਕ ਮੇਲਾ 6435 ਕੌਰਟਨੀ ਪਾਰਕ ਸੈਂਟਰ ਡਿਕਸੀ ਰੋਡ ਦੇ ਯੂਨਿਟ 30 ਵਿਚ ਲੱਗਿਆ ਹੋਇਆ ਹੈ। ਹੋਰ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ ਫੋਨ ਨੰਬਰ 604 750 0189 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025