/ Feb 05, 2025
Trending
ਸਰੀ, 30 ਮਈ (ਹਰਦਮ ਮਾਨ)-ਪ੍ਰਸਿੱਧ ਪੰਜਾਬੀ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਲੋਕ ਅਰਪਣ ਕਰਨ ਲਈ ਖਾਲਸਾ ਲਾਇਬਰੇਰੀ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਦੇ ਸੰਚਾਲਕ ਡਾ. ਰਮਿੰਦਰ ਕੰਗ ਨੇ ਸਭ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਪੁਸਤਕ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀਆਂ ਪਹਿਲੀਆਂ ਕਿਰਤਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਕਵਿਤਾਵਾਂ, ਧਾਰਮਿਕ ਕਵਿਤਾਵਾਂ, ਗੀਤ, ਵਾਰਾਂ, ਧਾਰਮਿਕ ਤੇ ਇਤਿਹਾਸਕ ਲੇਖ ਅਤੇ ਗੁਰਬਾਣੀ ਦੇ ਟੀਕਿਆਂ ਦੇ ਰੂਪ ਵਿਚ 34 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਪੁਸਤਕ ਬਾਰੇ ਬੋਲਦਿਆਂ ਹਰਸ਼ਰਨ ਕੌਰ ਨੇ ਕਿਹਾ ਕਿ ਇਸ ਵੱਡ-ਆਕਾਰੀ ਪੁਸਤਕ ਵਿਚ ਗਿਆਨੀ ਜੀ ਨੇ ਗੁਰਬਾਣੀ ਦੀ ਵਿਆਖਿਆ ਕਾਵਿ ਰੂਪ ਵਿਚ ਕੀਤੀ ਹੈ ਅਤੇ ਉਨ੍ਹਾਂ ਦੀ ਕਾਵਿ ਕਲਾ ਵਿਚ ਮੁਹਾਰਤ ਦੀ ਇਹ ਇਕ ਉੱਤਮ ਰਚਨਾ ਹੈ। ਮਨਜੀਤ ਕੌਰ ਕੰਗ ਨੇ ਕਿਹਾ ਕਿ ਗੁਰਬਾਣੀ ਦੀ ਵਿਆਖਿਆ ਕਾਵਿ ਰੂਪ ਵਿਚ ਬਹੁਤ ਸਰਲ ਸ਼ਬਦਾਂ ਕਰਕੇ ਗਿਆਨੀ ਜੀ ਨੇ ਪੰਜਾਬੀ ਪਾਠਕਾਂ ਲਈ ਅਨਮੋਲ ਤੋਹਫ਼ਾ ਦਿੱਤਾ ਹੈ। ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਜੀਵਨ ਸ਼ੈਲੀ ਗੁਰਬਾਣੀ ‘ਤੇ ਆਧਾਰਤ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਬਾਣੀ ਅਨੁਸਾਰ ਉਸਾਰਿਆ ਹੈ। ਪਿੰਗਲ ਅਰੂਜ਼ ਦੇ ਉਹ ਮਾਹਰ ਹਨ ਅਤੇ ਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਸਾਹਿਤ ਜਗਤ ਲਈ ਵੱਡਮੁੱਲੀ ਦੇਣ ਹੈ।
ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਚਮਕੌਰ ਸਿੰਘ ਸੇਖੋਂ, ਅਮਰੀਕ ਪਲਾਹੀ ਅਤੇ ਸਤੀਸ਼ ਗੁਲਾਟੀ ਨੇ ਇਸ ਪੁਸਤਕ ਲਈ ਗਿਆਨੀ ਕੇਵਲ ਸਿੰਘ ਨਿਰਦੋਸ਼ ਨੂੰ ਮੁਬਾਰਕਬਾਦ ਦਿੱਤੀ। ਮੀਨੂੰ ਬਾਵਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਿਆਨੀ ਕੇਵਲ ਸਿੰਘ ਨਿਰਦੋਸ਼ ਦਾ ਗੀਤ ਪੇਸ਼ ਕੀਤਾ।
ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਇਸ ਸੰਗ੍ਰਹਿ ਬਾਰੇ ਦਸਦਿਆਂ ਕਿਹਾ ਕਿ ਲਖਜੀਤ ਸਿੰਘ ਸਾਰੰਗ ਦੇ ਵਿਸ਼ੇਸ਼ ਸੁਝਾਅ ਅਤੇ ਸਹਿਯੋਗ ਸਦਕਾ ਇਹ ਪੁਸਤਕ ਪਾਠਕਾਂ ਤੀਕ ਪਹੁੰਚੀ ਹੈ। ਉਨ੍ਹਾਂ ਗੁਰਬਾਣੀ ਬਾਰੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਦੇ ਅੱਖਰੀ ਅਰਥ ਕਦੇ ਨਹੀਂ ਕੀਤੇ ਜਾ ਸਕਦੇ, ਭਾਵ-ਅਰਥ ਕੀਤੇ ਜਾ ਸਕਦੇ ਹਨ। ਕਵਿਤਾ ਦੀ ਵਿਆਖਿਆ ਕਰਨ ਨਾਲ ਕਵਿਤਾ ਕਵਿਤਾ ਨਹੀਂ ਰਹਿੰਦੀ। ਉਨ੍ਹਾਂ ਇਸ ਪੁਸਤਕ ਰਾਹੀਂ ਸੁਖਮਨੀ ਸਾਹਿਬ, ਭੱਟਾਂ ਦੇ ਸਵੱਈਏ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਭਾਵ-ਅਰਥਾਂ ਕਵਿਤਾ ਦੇ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪਾਠਕ ਇਸ ਯਤਨ ਨੂੰ ਭਰਪੂਰ ਹੁੰਗਾਰਾ ਦੇਣਗੇ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ, ਡਾ. ਸੁਖਵਿੰਦਰ ਵਿਰਕ, ਐਡਵੋਕੇਟ ਅਮਨਦੀਪ ਚੀਮਾ, ਨਵਦੀਪ ਗਿੱਲ, ਹਰਦਮ ਸਿੰਘ ਮਾਨ, ਬਿੱਲਾ ਤੱਖੜ, ਇੰਦਰਜੀਤ ਰੋਡੇ ਸ਼ਾਮਲ ਸਨ। ਅੰਤ ਵਿਚ ਸਮਾਗਮ ਦੇ ਪ੍ਰਬੰਧਕ ਲਖਜੀਤ ਸਿੰਘ ਸਾਰੰਗ ਨੇ ਸਮਾਗਮ ਵਿਚ ਹਾਜਰ ਸਭਨਾਂ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025