/ Feb 05, 2025
Trending
(ਜਦੋਂ ਨਾਮਧਾਰੀ ਸਿੰਘਾਂ ਨੇ ਤੋਪਾਂ ਸਾਹਵੇਂ ਛਾਤੀ ਤਾਣ ਕੇ ਦਿੱਤੀਆਂ ਸੀ ਸ਼ਹਾਦਤਾਂ)
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
ਗੁਰਬਾਣੀ ਦੇ ਐਸੇ ਮਹਾਵਾਕਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸੂਰਬੀਰ, ਅਣਖੀਲੇ ਸੂਰਮੇ, ਸੱਚ-ਸੁੱਚ ਦੇ ਧਾਰਨੀ, ਆਪਣੇ ਧਰਮ ਅਤੇ ਦੇਸ਼ ਹਿਤ ਕੁਰਬਾਨੀਆਂ ਦੇਣ ਵਾਲੇ ਅਤੇ ਆਪਣੇ ਸਤਿਗੁਰੂ ਜੀ ਦੀ ਰਜ਼ਾ ਵਿਚ ਰਹਿਣ ਵਾਲੇ ਨਾਮਧਾਰੀ ਸ਼ਹੀਦਾਂ ਦੇ ਨਾਮ ਵੀ ਸਿੱਖ ਜਗਤ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਲਏ ਜਾਂਦੇ ਹਨ। ਉਹਨਾਂ ਦੁਆਰਾ ਦੇਸ਼ ਅਤੇ ਕੌਮ ਹਿਤ ਦਿੱਤੇ ਅਦੁੱਤੀ ਬਲੀਦਾਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਅਜ਼ਾਦੀ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦੀ ਮਸ਼ਾਲ ਜਗਾਈ। ਐਸੇ ਸੂਰਮਿਆਂ ਦੇ ਪ੍ਰੇਰਨਾ-ਸਰੋਤ ਅਜ਼ਾਦੀ ਅਤੇ ਨਾ-ਮਿਲਵਰਤਨ ਲਹਿਰ ਦੇ ਮੋਢੀ, ਖਾਲਸਾ ਪੰਥ ਦੇ ਪੁਨਰ-ਸਿਰਜਣਹਾਰੇ ਸਤਿਗੁਰੂ ਰਾਮ ਸਿੰਘ ਜੀ ਸਨ। ਇਹਨਾਂ ਸਿੱਖਾਂ ਨੇ ਦੇਸ਼-ਕੌਮ ਹਿਤ ਡਰ ਕੇ ਨਹੀਂ, ਸਗੋਂ ਇੱਕ ਦੂਜੇ ਤੋਂ ਅਗਾਹ ਵਧਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਕੁਰਬਾਨੀਆਂ ਦੀ ਮਸ਼ਾਲ ਜਗਾ ਕੇ ਦੇਸ਼ਭਗਤਾਂ ਲਈ ਚਾਨਣ ਮੁਨਾਰੇ ਬਣ ਗਏ। ਕਿਤੇ ਫਾਂਸੀ ਦੇ ਰੱਸਿਆਂ ਨੂੰ ਆਪ ਆਪਣੇ ਗਲਾਂ ਵਿਚ ਪਾਕੇ, ਕਿਤੇ ਤੋਪਾਂ ਸਾਹਵੇਂ ਛਾਤੀ ਤਾਣ ਕੇ ਤੂੰਬਾ-ਤੂੰਬਾ ਉਡ ਕੇ, ਅਨੋਖੀਆਂ ਮਿਸਾਲਾਂ ਕਾਇਮ ਕੀਤੀਆਂ ਕਿ ਅੰਗਰੇਜਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਸਾਡੇ ਰਾਜ ਦਾ ਹੁਣ ਕੀ ਬਣੇਗਾ ?
ਅਜਿਹੇ ਮਹਾਨ ਸੂਰਮਿਆਂ ਨੇ 17-18 ਜਨਵਰੀ 1872 ਵਾਲੇ ਦਿਨ ਦੇ ਇਤਿਹਾਸ ਦੇ ਪੰਨੇ ਖੂਨ ਨਾਲ ਲਾਲੋ ਲਾਲ ਕਰ ਦਿੱਤੇ। ਸਾਲ 1871 ਦਾ ਦੌਰ ਵੀ ਬਹੁਤ ਤਸ਼ੱਦਦ ਭਰਿਆ ਲੰਘਿਆ। ਅੰਗਰੇਜਾਂ ਵਲੋਂ ਅੰਮ੍ਰਿਤਸਰ ਅਤੇ ਰਾਇਕੋਟ ਦੇ ਸਾਕਿਆਂ ਬਾਬਤ ਨਾਮਧਾਰੀ ਸਿੱਖਾਂ ਨੂੰ ਮੌਤ ਅਤੇ ਕਾਲੇ ਪਾਣੀ ਦੀ ਸਜਾਵਾਂ ਦਿੱਤੀਆਂ, ਇਸ ਤੋਂ ਇਲਾਵਾ ਅੰਗਰੇਜਾਂ ਦੁਆਰਾ ਗਊ-ਗਰੀਬ ਤੇ ਵੱਧ ਰਹੇ ਜ਼ੁਲਮਾਂ ਨੂੰ ਦੇਸ਼ਭਗਤਾਂ ਵਲੋਂ ਸਹਾਰਨਾ ਔਖਾ ਸੀ। ਇਸੇ ਦੌਰਾਨ ਰਿਆਸਤ ਮਲੇਰਕੋਟਲਾ ਦੇ ਪਿੰਡ ਫਰਵਾਹੀ ਦੇ ਨੰਬਰਦਾਰ ਸੰਤ ਗੁਰਮੁਖ ਸਿੰਘ ਦੇ ਸਾਹਮਣੇ ਕੋਟਲੇ ਦੀ ਕੁਤਵਾਲੀ ਵਿਚ ਇੱਕ ਬਲਦ ਦਾ ਕਤਲ ਕੀਤਾ ਗਿਆ ਅਤੇ ਗੁਰਮੁਖ ਸਿੰਘ ਵਲੋਂ ਬਲਦ ਦਾ ਪੱਖ ਲੈਣ ਕਰਕੇ ਉਸਦਾ ਬਹੁਤ ਅਨਾਦਰ ਕੀਤਾ ਗਿਆ। 11-12 ਜਨਵਰੀ 1872 ਈਸਵੀ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਜੀ ਦੇ ਮਹਿਲ ਮਾਤਾ ਸਦਾ ਕੌਰ ਜੀ ਦਾ ਭੋਗ ਅਤੇ ਮਾਘੀ ਦਾ ਮੇਲਾ ਸੀ। ਮੇਲੇ ਦੀ ਸਮਾਪਤੀ ਉਪਰੰਤ ਸ੍ਰੀ ਅਕਾਲ ਬੁੰਗਾ ( ਸਤਿਗੁਰੂ ਰਾਮ ਸਿੰਘ ਜੀ ਦਾ ਤਪ ਸਥਾਨ) ਭੈਣੀ ਸਾਹਿਬ ਵਿਖੇ ਸਰਦਾਰ ਹੀਰਾ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਸਕਰੋਦੀ ਦੀ ਅਗਵਾਈ ਵਿਚ ਕੁੱਝ ਸਿੱਖ ਮਲੇਰਕੋਟਲੇ ਵਿਖੇ ਹੋ ਰਹੇ ਗਊ ਘਾਤ ਅਤੇ ਸਰਕਾਰ ਵਲੋਂ ਲੁਧਿਆਣੇ ਵਿਖੇ ਸੰਤ ਗਿਆਨੀ ਸਿੰਘ ਜੀ ਅਤੇ ਸੰਤ ਰਤਨ ਸਿੰਘ ਜੀ ਨੂੰ ਬਿਨਾ ਕਸੂਰੋਂ ਫਾਂਸੀਆਂ ਦਿੱਤੇ ਜਾਣ ਬਾਬਤ ਵਿਚਾਰ ਕਰ ਰਹੇ ਸਨ। ਵਿਚਾਰ ਕਰਨ ਉਪਰੰਤ, ਸਤਿਗੁਰੂ ਰਾਮ ਸਿੰਘ ਜੀ ਦੀ ਪ੍ਰਵਾਨਗੀ ਲੈ ਕੇ ਜਥੇਦਾਰ ਹੀਰਾ ਸਿੰਘ ਅਤੇ ਲਹਿਣਾ ਸਿੰਘ ਦੀ ਅਗਵਾਈ ਹੇਠ, ਧਰਮ ਹੇਤ ਸੀਸ ਦੇਣ ਦਾ ਐਲਾਨ ਕਰ, 13 ਜਨਵਰੀ 1872 ਈਸਵੀ ਨੂੰ ਨਾਮਧਾਰੀ ਸਿੰਘਾਂ ਦੇ ਇੱਕ ਵੱਡੇ ਜਥੇ ਨਾਲ ਮਲੇਰਕੋਟਲੇ ਧਾਵਾ ਬੋਲ ਦਿੱਤਾ, ਇਸ ਜਥੇ ਵਿਚ ਦੋ ਬੀਬੀਆਂ ਅਤੇ ਦੋ ਛੋਟੀ ਉਮਰ ਦੇ ਬੱਚੇ ਹਰਨਾਮ ਸਿੰਘ ( 9ਸਾਲ) ਅਤੇ ਬਿਸ਼ਨ ਸਿੰਘ (12 ਸਾਲ) ਵੀ ਸੀ। 14 ਜਨਵਰੀ ਸ਼ਾਮ ਨੂੰ ਮਲੌਦ ਦੇ ਜਗੀਰਦਾਰ ਸਰਦਾਰ ਬਦਨ ਸਿੰਘ ਨਾਲ ਥੋੜੀ ਮੁੱਠ ਭੇੜ ਹੋਈ ਜਿਸ ਵਿਚ ਦੋਨਾਂ ਪਾਸਿਆਂ ਤੋਂ ਦੋ-ਦੋ ਆਦਮੀ ਮਾਰੇ ਗਏ। ਚਾਰ ਨਾਮਧਾਰੀ ਸਿੰਘ, ਭਗਵਾਨ ਸਿੰਘ, ਗਿਆਨ ਸਿੰਘ, ਥੰਮਣ ਸਿੰਘ ਤੇ ਮਿਹਰ ਸਿੰਘ ਜਖਮੀ ਹੋ ਗਏ, ਜੋ ਅੰਗਰੇਜਾਂ ਨੇ ਫੜ ਲਏ, ਜਿਨ੍ਹਾਂ ਨੂੰ 19 ਜਨਵਰੀ 1872 ਈ. ਨੂੰ ਪਹਿਲਾਂ ਫਾਂਸੀ ਤੇ ਬਾਅਦ ਵਿਚ ਕਾਲੇ ਪਾਣੀ ਦੀ ਸਜ਼ਾ ਸੁਣਾਈ। ਇਹ ਚਾਰੇ ਸਿੰਘ ਜੇਲ ਵਿਚ ਹੀ ਸ਼ਹੀਦੀਆਂ ਪਾ ਗਏ।
ਬਾਕੀ ਜਥੇ ਨੇ ਸਵੇਰੇ ਢਾਬੀ ਦਰਵਾਜੇ ਰਾਹੀਂ ਮਲੇਰਕੋਟਲੇ ਉੱਤੇ ਧਾਵਾ ਬੋਲ ਦਿੱਤਾ ਅਤੇ ਸਰਦਾਰ ਹੀਰਾ ਸਿੰਘ ਨੇ ਘੋੜੀ ਤੇ ਸਵਾਰ ਅੰਦਰ ਵੜਦਿਆਂ ਹੀ ਗਰਜ ਕੇ ਆਖਿਆ ; ਉਏ ਸੂਰਮਿਉਂ ! ਅਬ ਜੂਝਣ ਕੋ ਦਾਉ। ਹੁਕਮ ਮਿਲਦਿਆਂ ਸਾਰ ਹੀ ਸਾਰੇ ਸਿੰਘ ਮਲੇਰਕੋਟਲੀਆਂ ਤੇ ਟੁੱਟ ਕੇ ਪੈ ਗਏ। ਕੋਤਵਾਲੀ ਚੋਂਕ ਵਿਚ ਡੱਟ ਕੇ ਲੜਾਈ ਹੋਈ। ਸਿੱਖ ਗਿਣਤੀ ਵਿਚ ਭਾਵੇਂ ਥੋੜੇ ਸਨ ਪਰ ਐਸੀ ਬਹਾਦੁਰੀ ਨਾਲ ਲੜੇ, ਜਿਸਨੂੰ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ : ਕੋਟਲੇ ਦੀ ਤੁਰਕਾਨੀ ਤੈ ਪਠਾਨੀ ਫੌਜ ਸਭਿ ਸਿੰਘਨ ਸੈ ਲਰੀ, ਇਨੈ ਮਾਰ ਕੈ ਹਟਾਈਆਂ।
ਲੜਾਈ ਵਿਚ ਕੋਤਵਾਲ ਅਹਿਮਦ ਖਾਂ ਅਤੇ ਸੱਤ ਸਿਪਾਹੀ ਮਾਰੇ ਗਏ ਅਤੇ ਬਹੁਤ ਸਾਰੇ ਜਖਮੀ ਹੋਏ। ਸਿੰਘਾਂ ਵਿਚੋਂ ਅੱਠ ਸਿੰਘ ਸ਼ਹੀਦ ਹੋ ਗਏ। ਮਲੇਰਕੋਟਲੇ ਦੇ ਬੁੱਚੜ ਅਤੇ ਅੰਗਰੇਜ ਭਗਤ ਮੈਦਾਨ ਛੱਡ ਕੇ ਤੌਬਾ ਤੌਬਾ ਕਰਦੇ ਨੱਸ ਭੱਜ ਗਏ। ਦਿਨ ਚੜ੍ਹੇ ਜੈਕਾਰੇ ਗਜਾਉਂਦੇ ਇਹ ਨਾਮਧਾਰੀ ਸੂਰਮੇ ਸ਼ਹਿਰੋਂ ਬਾਹਰ ਨਿਕਲ ਕੇ ਪਿੰਡ ਰੱੜ ਨੂੰ ਤੁਰ ਪਏ। ਪਿੰਡ ਭੂਦਨ ਦੇ ਕੋਲ ਮਲੇਰਕੋਟਲੇ ਦੇ ਹੈਂਕੜਬਾਜ ਸਮੁੰਦ ਖਾਨ ਨੇ ਹੀਰਾ ਸਿੰਘ ਨੂੰ ਲਲਕਾਰਿਆ। ਹੀਰਾ ਸਿੰਘ ਕਹਿਣ ਲੱਗੇ, ਬਈ ਪਠਾਣਾ, ਪਹਿਲਾਂ ਵਾਰ ਤੂੰ ਕਰ ਲੈ, ਤੇਰੇ ਚਿਤ ਵਿਚ ਇਹ ਧਿਆਨ ਨਾ ਰਹਿ ਜਾਏ ਕਿ ਮੈਂ ਵਾਰ ਨਹੀਂ ਕੀਤਾ। ਜਿਸ ਵੇਲੇ ਉਸਨੇ ਵਾਰ ਕੀਤਾ ਤਾਂ ਸਰਦਾਰ ਹੀਰਾ ਸਿੰਘ ਕੋਲ ਢਾਲ ਨਾ ਹੋਣ ਕਰਕੇ ਉਹਨਾਂ ਆਪਣੀ ਖੱਬੀ ਬਾਂਹ ਅੱਗੇ ਕਰ ਦਿੱਤੀ, ਹੱਥ ਕੱਟਿਆ ਗਿਆ ਪਰ ਇਸਦੇ ਨਾਲ ਹੀ ਸਰਦਾਰ ਨੇ ਰੋਹ ਵਿਚ ਆ ਕੇ ਐਸੀ ਫੁਰਤੀ ਨਾਲ ਵਾਰ ਕੀਤਾ ਕਿ ਸਮੁੰਦ ਖਾਂ ਦਾ ਸਿਰ ਧੜ ਨਾਲੋਂ ਵੱਖ ਹੋ ਕੇ ਧਰਤੀ ਤੇ ਜਾ ਡਿੱਗਾ। ਇਸਦੇ ਨਾਲ ਹੀ ਤੁਰਕਾਂ ਵਿਚ ਭਾਜੜਾਂ ਪੈ ਗਈਆਂ। ਫਿਰ ਇਹ ਸਿੰਘ ਤੁਰਦੇ-ਤੁਰਦੇ ਪਿੰਡ ਰੜ ਪਹੁੰਚ ਗਏ। ਇੱਥੇ ਸਰਦਾਰ ਹੀਰਾ ਸਿੰਘ ਨੇ ਬਰਛੀ ਗੱਡ ਕੇ ਆਖਿਆ ਕਿ ਭਾਈ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੰਨਾ ਹੀ ਹੁਕਮ ਸੀ, ਉਹ ਉਨ੍ਹਾਂ ਦੀ ਕਿਰਪਾ ਨਾਲ ਪੂਰਾ ਹੋ ਗਿਆ ਹੈ। ਹੁਣ ਤਾਂ ਅੰਗਰੇਜਾਂ ਨੂੰ ਤਰਥੱਲੀ ਮਚਣੀ ਹੈ ਅਤੇ ਸਾਨੂੰ ਮੌਤ ਦੀ ਸਜਾ ਮਿਲਣੀ ਹੈ। ਸਾਡੇ ਵਿਚੋਂ ਜਿਹੜਾ ਮੌਤ ਤੋਂ ਡਰਦਾ ਹੈ, ਉਹ ਬੇਸ਼ਕ ਆਪਣੇ ਘਰ ਜਾ ਸਕਦਾ ਹੈ।
ਨਾਮਧਾਰੀਆਂ ਵਲੋਂ ਮਲੌਦ ਅਤੇ ਕੋਟਲੇ ਤੇ ਧਾਵਾ ਕਰਨ ਤੋਂ ਬਾਅਦ ਪਿੰਡ ਰੜ੍ਹ ਵਿਖੇ ਇਕੱਠੇ ਹੋਣ ਦੀ ਖਬਰ ਡੀ. ਸੀ. ਕਾਵਨ ਅਤੇ ਅੰਬਾਲਾ ਦੇ ਕਮਿਸ਼ਨਰ ਮਿਸਟਰ ਫੋਰਸਾਈਥ ਤੱਕ ਵੀ ਪਹੁੰਚ ਗਈ, ਸਭ ਥਾਈਂ ਹਫੜਾ-ਦਫੜੀ ਮੱਚ ਗਈ। ਡਿਪਟੀ ਕਮਿਸ਼ਨਰ ਮਿਸਟਰ ਕਾਵਨ ਪਹਿਲਾਂ ਹੀ ਕੂਕਿਆਂ ਦਾ ਵੈਰੀ ਸੀ। ਉਹ ਲੋਕਾਂ ਵਿਚ ਦਹਿਸ਼ਤ ਫੈਲਾਉਣ ਵਾਸਤੇ ਇਨ੍ਹਾਂ ਸਿੰਘਾਂ ਨੂੰ ਕਰੜੀ ਸਜ਼ਾ ਦੇਣੀ ਚਾਹੁੰਦਾ ਸੀ। ਉਸਨੇ ਸਿੱਖਾਂ ਦੇ ਬਿਆਨ ਲੈ ਕੇ ਸਰਕਾਰੀ ਕਾਰਵਾਈ ਪੂਰੀ ਕੀਤੀ ਅਤੇ ਝੱਟ ਸਿੰਘਾਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ।
ਇਹ 17 ਜਨਵਰੀ ਦਾ ਦਿਨ ਸੀ। ਕਾਵਨ ਦੇ ਹੁਕਮ ਨਾਲ ਨਾਭੇ ਅਤੇ ਪਟਿਆਲੇ ਤੋਂ ਫੋਜਾਂ ਪਹੁੰਚ ਗਈਆਂ। ਮਲੇਰਕੋਟਲੇ ਦੇ ਮੈਦਾਨ ਵਿਚ 9 ਤੋਪਾਂ ਬੀੜੀਆਂ ਗਈਆਂ। ਸੱਤ ਤੋਪਾਂ ਨਾਮਧਾਰੀ ਸਿੱਖਾਂ ਨੂੰ ਉਡਾਉਣ ਵਾਸਤੇ ਸਨ ਅਤੇ ਦੋ ਰਾਖਵੀਆਂ ਰੱਖੀਆਂ ਗਈਆਂ ਸਨ। ਕਾਵਨ ਦੇ ਹੁਕਮ ਨਾਲ ਸਭ ਤੋਂ ਪਹਿਲਾਂ ਸਰਦਾਰ ਹੀਰਾ ਸਿੰਘ ਜੀ, ਸਰਦਾਰ ਲਹਿਣਾ ਸਿੰਘ ਜੀ ਅਤੇ ਪੰਜ ਹੋਰ ਸਿੱਖ ਸੱਤਾਂ ਤੋਪਾਂ ਅੱਗੇ ਇੱਕ-ਇੱਕ ਕਰ ਕੇ ਖਲੋ ਗਏ। ਕਾਵਨ ਨੇ ਪਿੱਠ ਕਰਕੇ ਬੰਨ੍ਹਣ ਦਾ ਹੁਕਮ ਕੀਤਾ ਪਰ ਹੀਰਾ ਸਿੰਘ ਨੇ ਕਹਿਆ ਸਿੱਖ ਪਿੱਠ ਨਹੀਂ ਕਰਨਗੇ ਅਤੇ ਸੱਤੇ ਸਿੱਖ ਡੱਟ ਕੇ ਖਲੋ ਗਏ। ਤੋਪ ਚਲਾਈ ਗਈ, ਪਰ ਨਾ ਚੱਲੀ। ਜਦੋਂ ਦੂਜੀ ਅਤੇ ਤੀਜੀ ਵਾਰ ਵੀ ਨਾ ਚੱਲੀ ਤਾਂ ਹੀਰਾ ਸਿੰਘ ਜੀ ਨੇ ਕਿਹਾ, ਬਿੱਲਿਆ ! ਅਸਾਂ ਤੇਰਾ ਕਾਨੂੰਨ ਝੂਠਿਆਂ ਕਰਨਾ ਸੀ ਕਿ ਜੇਕਰ ਤਿੰਨ ਵਾਰ ਤੋਪ ਨਾ ਚੱਲੇ ਤਾਂ ਮੁਜਰਿਮ ਨੂੰ ਛੱਡ ਦੇਣਾ ਚਾਹੀਦਾ ਹੈ ਪਰ ਅਸੀਂ ਤਾਂ ਆਏ ਹੀ ਸ਼ਹੀਦੀਆਂ ਦੇਣ ਵਾਸਤੇ ਹਾਂ, ਜਾਹ ਤੋਪ ਚਲਾ, ਹੁਣ ਚਲੇਗੀ। ਤੋਪ ਦੇ ਚੱਲਣ ਨਾਲ ਸਰਦਾਰ ਹੀਰਾ ਸਿੰਘ ਅਤੇ ਸਾਥੀਆਂ ਦੀ ਆਤਮਾ ਸਤਿਗੁਰੂ ਜੀ ਦੇ ਚਰਨਾਂ ਵਿਚ ਪਹੁੰਚ ਗਈ। ਇਸ ਤਰ੍ਹਾਂ ਵਾਰੀ ਵਾਰੀ ਸੱਤ ਸੱਤ ਸਿੰਘ ਸੱਤਾਂ ਤੋਪਾਂ ਅੱਗੇ ਖਲੋ ਕੇ ਸੂਰਮਿਆਂ ਵਾਂਗ ਸ਼ਹੀਦ ਹੋ ਗਏ। 17 ਜਨਵਰੀ ਨੂੰ 49 ਸਿੰਘਾਂ ਅਤੇ ਅਗਲੀ ਸਵੇਰ 18 ਜਨਵਰੀ ਨੂੰ 16 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਪੰਥ ਪ੍ਰਕਾਸ਼ ਦੇ ਲੇਖਕ ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਨ, ਉਹ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਪੁਰਾਣੇ ਸਿੰਘਾਂ ਦੀਆਂ ਸ਼ਹਾਦਤਾਂ ਮੈਂ ਕਿਤਾਬਾਂ ਵਿਚ ਪੜ੍ਹੀਆਂ ਹਨ ਪਰ ਕੂਕਿਆਂ ਦੀ ਸ਼ਹਾਦਤ ਮੈਂ ਅੱਖੀਂ ਵੇਖ ਕੇ ਲਿਖ ਰਿਹਾ ਹਾਂ।
ਜਦੋਂ ਛੋਟਾ ਬੱਚਾ ਬਿਸ਼ਨ ਸਿੰਘ ਸ਼ਹਾਦਤ ਦੇਣ ਲਈ ਅੱਗੇ ਆਇਆ ਤਾਂ ਕਾਵਨ ਦੀ ਮੇਮ ਨੂੰ ਇਸ ਛੋਟੇ ਬੱਚੇ ਤੇ ਤਰਸ ਆਇਆ ਅਤੇ ਇਸਦੀ ਰਿਹਾਈ ਵਾਸਤੇ ਸਿਫਾਰਸ਼ ਕੀਤੀ। ਜਦੋਂ ਮੇਮ ਨੇ ਹੱਠ ਕੀਤਾ ਤਾਂ ਕਾਵਨ ਨੇ ਕਿਹਾ ਜੇਕਰ ਇਹ ਬੱਚਾ ਕਹਿ ਦੇਵੇ ਕਿ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਤਾਂ ਇਸਨੂੰ ਛੱਡ ਦਿੱਤਾ ਜਾ ਸਕਦਾ ਹੈ। ਇਸ ਸੁਣ ਕੇ ਬਿਸ਼ਨ ਸਿੰਘ ਦਾ ਖੂਨ ਖੌਲ ਉਠਿਆ ਅਤੇ ਕਾਵਨ ਨੂੰ ਕੰਨ ਵਿਚ ਕੁੱਝ ਸੁਨਣ ਲਈ ਆਖਿਆ। ਜਿਉ ਹੀ ਕਾਵਨ ਝੁਕਿਆ, ਸੰਤ ਬਿਸ਼ਨ ਸਿੰਘ ਨੇ ਉਸਦੀ ਦਾੜ੍ਹੀ ਨੂੰ ਕੱਸ ਕੇ ਫੜ ਕੇ ਝੰਜੋੜਿਆ ਅਤੇ ਆਖਿਆ “ਫੇਰ ਕਹੇਂਗਾ ਕਿ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ “ਕਾਵਨ ਦਰਦ ਨਾਲ ਕਰਾਹ ਉਠਿਆ ਅਤੇ ਕੋਲ ਖੜੇ ਸਿਪਾਹੀ ਵੀ ਘਬਰਾ ਗਏ। ਸੰਤ ਜੀ ਨੇ ਦਾੜ੍ਹੀ ਉਦੋਂ ਤੱਕ ਨਾ ਛੱਡੀ ਜਦੋਂ ਤੱਕ ਕੋਲ ਖਲੋਤੇ ਸਿਪਾਹੀਆਂ ਨੇ ਉਸਦੇ ਦੋਵੇਂ ਹੱਥ ਤਲਵਾਰ ਨਾਲ ਕੱਟ ਕੇ ਸ਼ਹੀਦ ਨਾ ਕਰ ਦਿੱਤਾ। ਇਸ ਤਰ੍ਹਾਂ ਹੀ ਇੱਕ ਸਿੱਖ ਵਰਿਆਮ ਸਿੰਘ ਸੀ। ਉਸ ਲਈ ਪਟਿਆਲੇ ਵਾਲੇ ਰਾਜੇ ਨੇ ਰਿਹਾਈ ਦੀ ਸਿਫਾਰਿਸ਼ ਕੀਤੀ ਸੀ। ਅੰਗਰੇਜ ਹਾਕਮ ਨੇ ਵਰਿਆਮ ਸਿੰਘ ਨੂੰ ਕਿਹਾ, ਤੂੰ ਤੋਪ ਅਗੋਂ ਹੱਟ ਜਾ, ਤੇਰਾ ਕੱਦ ਛੋਟਾ ਹੈ। ਵਰਿਆਮ ਸਿੰਘ ਇੱਕ ਦਮ ਦੌੜਿਆ ਤੇ ਨੇੜੇ ਖੇਤਾਂ ਵਿਚੋਂ ਢੀਮਾਂ ਇਕੱਠੀਆਂ ਕਰ ਲਿਆਇਆ। ਉਹਨਾਂ ਦਾ ਥੜਾ ਬਣਾ ਕੇ ਉਸ ਉਪਰ ਖਲੋ ਕੇ ਕਹਿਣ ਲੱਗਾ : ਵੇਖ ਬਿਲਿਆ, “ਹੁਣ ਮੈਂ ਤੇਰੀ ਤੋਪ ਸਾਹਵੇਂ ਪੂਰਾ ਹਾ, ਤੂੰ ਤੋਪ ਚਲਾ, ਜਲਦੀ ਕਰ, ਮੇਰਾ ਸਾਥ ਜਾ ਰਿਹਾ ਹੈ।” ਇਸ ਪ੍ਰਕਾਰ ਦਾ ਦੇਸ਼ ਪ੍ਰੇਮ ਦਾ ਜਜ਼ਬਾ ਸੀ, ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਵਿਚ ; “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨ ਆਨੰਦੁ
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ”
ਇਸ ਤਰ੍ਹਾਂ ਮਲੇਰਕੋਟਲੇ ਦੇ ਸਾਕੇ ਵਿਚ 10 ਸਿੰਘ ਲੜਦੇ ਹੋਏ, 4 ਜੇਲ੍ਹ ਵਿਚ ਕਾਲੇ ਪਾਣੀ ਦੀ ਸਜ਼ਾ ਕਟਦੇ, 65 ਸਿੱਖ ਤੋਪਾਂ ਨਾਲ ਅਤੇ ਇੱਕ ਤਲਵਾਰ ਨਾਲ, ਕੁਲ 80 ਨਾਮਧਾਰੀ ਸਿੱਖ ਸ਼ਹਾਦਤਾਂ ਪਾ ਗਏ।
ਇੱਕ ਅੰਗਰੇਜ ਸਫ਼ਰੀ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਵੇਖ ਕੇ ਕਹਿ ਉਠਿਆ ਸੀ, “ਸਾਰਾ ਯੋਰਪ ਇੱਕ ਈਸਾ ਦੇ ਫਾਂਸੀ ਚੜ੍ਹਨ ‘ਤੇ ਮਾਣ ਕਰਦਾ ਹੈ। ਮੈਂ ਅੱਜ ਇੱਥੇ ਸੈਂਕੜੇ ਈਸਾ ਕੁਰਬਾਨ ਹੁੰਦੇ ਵੇਖੇ ਹਨ”
ਪੇਸ਼ਕਸ਼ :
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025