ਸ਼ਾਇਰੀ ਦਾ ਲਗਾਤਾਰ ਵਗਦਾ ਦਰਿਆ -ਰਵਿੰਦਰ ਰਵੀ

ਸ਼ਾਇਰੀ ਦਾ ਲਗਾਤਾਰ ਵਗਦਾ ਦਰਿਆ -ਰਵਿੰਦਰ ਰਵੀ

ਕੈਨੇਡਾ (ਕਾਵਿ-ਸੰਸਾਰ ਬਿਓਰੋ) : ਰਵਿੰਦਰ ਰਵੀ ਬਾਰੇ ਕੁਝ ਕਹਿਣਾ ਸਮੁੰਦਰ ਰਿੜਕਣ ਵਾਂਗ ਹੈ । ਸਮੁੰਦਰ ਰਿੜਕਣਾ ਬਹੁਤ ਕਠਿਨ ਹੈ । ਪਰ ਰਿੜਕਣ ਵਾਲੇ ਨੂੰ ਕਿੰਨੇ ਰਤਨ ਪ੍ਰਾਪਤ ਹੁੰਦੇ ਹਨ, ਇਸ ਦੀ ਕੋਈ ਗਿਣਤੀ ਨਹੀਂ । ਉਸ ਨੇ ਗਿਣਤੀ ਪੱਖੋਂ ਅਤੇ ਸਾਹਿਤ ਰੂਪਾਂ ਦੀ ਵੰਨ ਸੁਵੰਨਤਾ ਪੱਖੋਂ ਜਿੰਨਾ ਸਾਹਿਤ ਰਚਿਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਲੇਖਕ ਨੇ ਰਚਿਆ ਹੋਵੇ । ਉਸ ਦੀ ਵਿਲੱਖਣਤਾ ਇਹ ਹੈ ਕਿ ਉਸ ਦਾ ਸਾਹਿਤਕ ਕਾਰਜ ਗੁਣਾਤਮਕ ਪੱਖ ਤੋਂ ਵੀ ਬੁਲੰਦੀ ਉੱਪਰ ਹੈ । ਮਿਕਦਾਰ ਅਤੇ ਮਿਆਰ ਦੋਵੇਂ ਉਸ ਦੇ ਰਚਨਾਤਮਕ ਕਾਰਜ ਵਿਚ ਪ੍ਰਾਪਤ ਹੁੰਦੇ ਹਨ, ਤੇ ਉਹ ਵੀ ਕਦਮ ਨਾਲ ਕਦਮ ਮਿਲਾ ਕੇ ਚਲਦੇ ਹੋਏ । ਰਵਿੰਦਰ ਰਵੀ 50 ਵੇਂ ਦਹਾਕੇ ਵਿਚ ਪੰਜਾਬੀ ਸ਼ਾਇਰੀ ਦੇ ਅੰਬਰ ਤੇ ਉਗਮਣ ਵਾਲਾ ਉਹ ਸਿਤਾਰਾ ਹੈ, ਜੋ ਅੱਜ ਵੀ ਧਰੂ ਤਾਰੇ ਵਾਂਗ ਰੌਸ਼ਨ ਹੈ ।ਉਹ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਪ੍ਰਯੋਗਸ਼ੀਲ ਲਹਿਰ ਦੇ ਸੰਸਥਾਪਕਾਂ ਅਤੇ ਸੰਚਾਲਕਾਂ ਵਿਚੋਂ ਇਕ ਹੋਣ ਦਾ ਗੌਰਵਮਈ ਸਥਾਨ ਰਖਦਾ ਹੈ । ਉਸ ਦੀ ਸ਼ਾਇਰੀ ਸਮਕਾਲੀ ਵਿਸ਼ਵੀਕਰਨ ਦੇ ਯੁਗ ਤਕ ਦੀ ਪੰਜਾਬੀ ਕਵਿਤਾ ਦਾ ਕਾਵਿਕ ਦਸਤਾਵੇਜ਼ ਆਖੀ ਜਾ ਸਕਦੀ ਹੈ । ਉਸ ਨੇ ਸ਼ਾਇਰੀ ਤੋਂ ਇਲਾਵਾ ਕਾਵਿ – ਨਾਟਕ, ਕਹਾਣੀ, ਨਾਵਲ, ਸਫ਼ਰਨਾਮਾ, ਸਵੈਜੀਵਨੀ, ਦੇ ਖੇਤਰ ਵਿਚ ਵੀ ਨਵੇਂ ਦਿਸਹੱਦੇ ਪ੍ਰਦਾਨ ਕੀਤੇ ਹਨ ।

ਰਵਿੰਦਰ ਰਵੀ ਦਾ ਜਨਮ 8 ਮਾਰਚ 1937 ਨੂੰ ਸਿਆਲਕੋਟ ਵਿਖੇ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਸ਼੍ਰੀਮਤੀ ਚਰਨਜੀਤ ਕੌਰ ਦੇ ਘਰ ਹੋਇਆ । ਉਸ ਦੇ ਪਿਤਾ ਜੀ ਮਰੀ ਕਾਲਜ ਸਿਆਲਕੋਟ ਵਿਚ ਪੰਜਾਬੀ ਦੇ ਪ੍ਰੋਫੈਸਰ ਸਨ।ਉਸ ਨੇ ਪ੍ਰਾਇਮਰੀ ਦੀ ਵਿਦਿਆ ਸਿਆਲਕੋਟ ਚ ਹੀ ਪ੍ਰਾਪਤ ਕੀਤੀ ।ਦੇਸ਼ – ਵੰਡ ਤੋਂ ਬਾਅਦ ਉਨ੍ਹਾ ਦਾ ਪਰਿਵਾਰ ਆਪਣੇ ਜੱਦੀ ਪਿੰਡ ਜਗਤਪੁਰ ਵਿਚ ਆ ਵਸਿਆ ।ਉਸ ਨੇ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋੰ ਮੈਟ੍ਰਿਕ ਕੀਤੀ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਐਫ. ਏ. (ਮੈਡੀਕਲ )ਵਿਚ ਦਾਖਲਾ ਲੈ ਲਿਆ, ਜਿਥੇ ਉਸ ਦੇ ਪਿਤਾ ਪ੍ਰੋਫੈਸਰ ਵਜੋਂ ਨਿਯੁਕਤ ਸਨ ।ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਉਸ ਨੇ ਜੇ. ਬੀ. ਟੀ. ਕੀਤੀ ਅਤੇ ਅਧਿਆਪਕ ਵਜੋਂ ਨਿਯੁਕਤ ਹੋ ਗਿਆ । ਉਸ ਨੇ ਨੌਕਰੀ ਕਰਦਿਆਂ ਪ੍ਰਾਈਵੇਟ ਤੌਰ ਤੇ ਐਮ. ਏ. ਅਤੇ ਬੀ. ਟੀ. ਪਾਸ ਕੀਤੀ ਅਤੇ ਹਾਇਰ ਸੈਕੰਡਰੀ ਸਕੂਲ ਦਾ ਅਧਿਆਪਕ ਬਣ ਗਿਆ । 1961 ਵਿਚ ਪੰਜਾਬੀ ਕਵਿਤਾ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੀ ਸਥਾਪਨਾ ਅਤੇ ਸੰਚਾਲਨ ਵਿਚ ਉਸ ਦੀ ਅਹਿਮ ਭੂਮਿਕਾ ਸੀ ।ਉਹ ਕਾਫੀ ਹਾਊਸ ਜਲੰਧਰ ਦੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਸੀ, ਜੋ ਸ਼ਾਇਰਾਂ ਅਤੇ ਚਿੰਤਕਾਂ ਦਾ ਅਹਿਮ ਟਿਕਾਣਾ ਸੀ । 1961 ਵਿਚ ਉਸ ਦੀ ਪਹਿਲੀ ਕਾਵਿ ਪੁਸਤਕ ‘ਦਿਲ ਦਰਿਆ ਸਮੁੰਦਰੋਂ ਡੂੰਘੇ ‘ ਛਪੀ ਅਤੇ 1963 ਵਿਚ ਦੂਜੀ ਕਾਵਿ ਪੁਸਤਕ ‘ ਬੁੱਕਲ ਦੇ ਵਿਚ ਚੋਰ ‘। 1963 ਚ ਹੀ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਚਰਾਵੀ ‘ ਛਪਿਆ । ਉਸ ਦੇ ਰੰਗੀਨ ਸੁਪਨਿਆਂ ਦੀ ਪਰਵਾਜ਼ ਨਵੇਂ ਅਸਮਾਨਾਂ ਦੀ ਤਲਾਸ਼ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਗਈ ।

ਉਹ 1967 ਵਿਚ ਕੀਨੀਆ ਚਲਾ ਗਿਆ । ਜਿੱਥੇ ਉਸ ਨੇ ਸਕੂਲ ਅਧਿਆਪਕ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਕਈ ਸਾਲ ਕੰਮ ਕੀਤਾ । ਇਥੋਂ ਉਹ ਕੈਨੇਡਾ ਪਹੁੰਚ ਗਿਆ ਅਤੇ 1976 ਵਿਚ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਸਕੂਲ ਅਧਿਆਪਕ ਵਜੋਂ ਬੱਚਿਆਂ ਨੂੰ ਅੰਗਰੇਜ਼ੀ ਸਾਹਿਤ ਪੜ੍ਹਾਉਣ ਲੱਗਾ । ਉਸ ਨੇ 2003 ਤਕ ਅਧਿਆਪਨ ਕਾਰਜ ਕਰਦਿਆਂ ਇਕ ਕੁਸ਼ਲ ਅਧਿਆਪਕ ਵਜੋਂ ਮਕਬੂਲੀਅਤ ਹਾਸਿਲ ਕੀਤੀ ।ਉਹ ਅਧਿਆਪਕ ਯੂਨੀਅਨ ਵਿਚ ਵੀ ਸਰਗਰਮ ਰਿਹਾ ਅਤੇ ਯੂਨੀਅਨ ਦੇ ਕਈ ਸਨਮਾਨ ਯੋਗ ਅਹੁਦਿਆਂ ਉਪਰ ਜ਼ਿੰਮੇਵਾਰੀ ਨਿਭਾਈ । ਜੁਲਾਈ 2003 ਵਿਚ ਉਹ ਰਿਟਾਇਰ ਹੋ ਗਿਆ । ਅਤੇ ਕੁੱਲ ਵਕਤੀ ਲੇਖਕ ਵਜੋਂ ਸਿਰਜਣਾਤਮਕ ਕਾਰਜ ਨੂੰ ਹੀ ਸਮਰਪਿਤ ਹੋ ਗਿਆ । ਇਸ ਸਾਰੇ ਕਾਲ ਪਾਸਾਰ ਵਿਚ ਉਹ ਸਾਹਿਤ ਸਿਰਜਣ ਵਿਚ ਨਿਰੰਤਰ ਸਰਗਰਮ ਰਿਹਾ । ਉਸ ਨੇ ਬਹੁਤ ਸਾਰੀਆਂ ਸਾਹਿਤ ਵਿਧਾਵਾਂ ਵਿਚ ਬਹੁਤ ਸਾਰਾ ਮਿਆਰੀ ਸਾਹਿਤ ਰਚਿਆ । ਉਸ ਦੀਆਂ ਰਚਨਾਵਾਂ ਦੀ ਮੁਕੰਮਲ ਸੂਚੀ ਅਨੇਕਾਂ ਪੰਨਿਆਂ ਦੀ ਮੰਗ ਕਰਦੀ ਹੈ ਅਤੇ ਉਸ ਦੀਆਂ ਸਮੁੱਚੀਆਂ ਰਚਨਾਵਾਂ ਦੀ ਜਾਣ ਪਛਾਣ ਹਿਤ ਪੂਰੀ ਇਕ ਕਿਤਾਬ ਲਿਖੀ ਜਾ ਸਕਦੀ ਹੈ । ਅਸੀਂ ਸਿਰਫ ਉਸ ਦੀਆਂ ਪ੍ਰਮੁੱਖ ਕਾਵਿ ਪੁਸਤਕਾਂ ਦੇ ਨਾਂਵਾਂ ਉਪਰ ਹੀ ਝਾਤ ਮਾਰਦੇ ਹਾਂ : ਦਿਲ ਦਰਿਆ ਸਮੁੰਦਰੋਂ ਡੂੰਘੇ, ਬੁੱਕਲ ਦੇ ਵਿਚ ਚੋਰ, ਬਿੰਦੂ, ਮੌਨ ਹਾਦਸੇ, ਦਿਲ ਟ੍ਰਾਂਸਪਲਾਂਟ ਤੋਂ ਬਾਅਦ, ਸ਼ਹਿਰ ਜੰਗਲੀ ਹੈ, ਜਲ ਭਰਮ – ਜਲ, ਚਿੱਟੇ ਕਾਲੇ ਡੱਬੇ, ਸੀਮਾ ਆਕਾਸ਼, ਸ਼ੀਸ਼ੇ ਤੇ ਦਸਤਕ, ਆਪਣੇ ਖਿਲਾਫ਼, ਸੂਰਜ ਤੇਰਾ ਮੇਰਾ, ਗੰਧਾਂ, ਸ਼ਬਦੋਂ ਪਾਰ, ਪੱਤਰ ਤੇ ਦਰਿਆ, ਛਾਵਾਂ ਤੇ ਪਰਛਾਵਾਂ, ਬਾਜ਼ ਦੀ ਨਜ਼ਰ, ਸ਼ਬਦਾਂ ਦੇ ਚਿਹਰੇ, ਨਿਹੋਂਦ ਦਾ ਗੀਤ । ਉਸ ਦੀਆਂ ਕਈ ਕਿਤਾਬਾਂ ਵੱਖ ਵੱਖ ਯੂਨੀਵਰਸਿਟੀਆਂ ਦੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ ।ਉਸ ਦੇ ਸਾਹਿਤ ਉਪਰ ਪੀਐਚ ਡੀ. ਅਤੇ ਐਮ ਫਿਲ ਪੱਧਰ ਦਾ ਬਹੁਤ ਸਾਰਾ ਖੋਜ ਕਾਰਜ ਹੋ ਚੁੱਕਾ ਹੈ । ਅਨੇਕਾਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ।ਅਜਕਲ ਉਹ kalum Street, Terrace, B. C. ,Canada ਵਿਖੇ ਰਹਿ ਰਿਹਾ ਹੈ ਅਤੇ ਸਾਹਿਤ ਸਾਧਨਾ ਵਿਚ ਲੀਨ ਹੈ । ਉਸ ਦੀ ਵਿਲੱਖਣਤਾ ਇਹ ਹੈ ਕਿ ਉਹ ਸਿਰਫ ਆਪਣੇ ਕਿਤਾਬੀ ਪਾਠਕਾਂ ਨਾਲ ਹੀ ਨਹੀਂ, ਸਗੋਂ ਆਪਣੇ ਸ਼ੋਸ਼ਲ ਮੀਡੀਆ ਦੇ ਪਾਠਕਾਂ ਅਤੇ ਪ੍ਰਸ਼ੰਸ਼ਕਾਂ ਨਾਲ ਵੀ ਜੁੜਿਆ ਹੋਇਆ ਹੈ ।

ਪੇਸ਼ਕਾਰ : ਜਸਪਾਲ ਘਈ

Related Articles

- Advertisement -spot_img

Latest Articles