ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੀ ਪੁਸਤਕ ‘ਹੁਣ ਤਾਈਂ’ ਉਪਰ ਵਿਚਾਰ ਚਰਚਾ

ਸਰੀ, 1 ਜਨਵਰੀ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕੈਨੇਡੀਅਨ ਪੰਜਾਬੀ ਸ਼ਾਇਰ ਜਗਜੀਤ ਸੰਧੂ ਦੀ ਪੁਸਤਕ ‘ਹੁਣ ਤਾਈਂ’ ਉਪਰ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਨਾਮਵਰ ਚਿੱਤਰਕਾਰ ਜਰਨੈਲ ਸਿੰਘ ਅਤੇ ਸ਼ਾਇਰ ਜਗਜੀਤ ਸੰਧੂ ਨੇ ਕੀਤੀ।

ਪ੍ਰੋਗਰਾਮ ਦੇ ਆਗਾਜ਼ ਵਿਚ ਮੰਚ ਸੰਚਾਲਕ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਜਗਜੀਤ ਸੰਧੂ ਨਾਲ ਜਾਣ ਪਛਾਣ ਕਰਵਾਈ। ਜਰਨੈਲ ਸਿੰਘ ਆਰਟਿਸਟ ਨੇ ਵੈਨਕੂਵਰ ਵਿਚਾਰ ਮੰਚ ਦੇ ਉਦੇਸ਼ ਅਤੇ ਕਾਰਜਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੋਂ ਬੀ.ਸੀ. ਵਿਚ ਆਏ ਮਹਿਮਾਨ ਲੇਖਕਾਂ, ਕਲਾਕਾਰਾਂ, ਵਿਦਵਾਨਾਂ, ਪੱਤਰਕਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ, ਉਨ੍ਹਾਂ ਨਾਲ ਸੰਵਾਦ ਰਚਾਇਆ ਜਾਂਦਾ ਹੈ। ਹਰ ਤਰ੍ਹਾਂ ਦੀ ਸੋਚ, ਵਿਚਾਰਧਾਰਾ ਰੱਖਣ ਵਾਲੇ ਸਾਡੇ ਸਤਿਕਾਰ ਦੇ ਪਾਤਰ ਹਨ। ਇਸ ਮੰਚ ‘ਤੇ ਆ ਕੇ ਬਹੁਤ ਸਾਰੇ ਮਹਿਮਾਨ ਲੇਖਕ, ਕਲਾਕਰ, ਪੱਤਰਕਾਰ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਮੰਚ ਵੱਲੋਂ ਕਿਤਾਬ ਰਿਲੀਜ਼ ਸਮਾਗਮ, ਵਿਸ਼ੇਸ਼ ਕਵੀ ਦਰਬਾਰ ਅਤੇ ਹੋਰ ਸਾਹਿਤਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।

ਮੋਹਨ ਗਿੱਲ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਜਗਜੀਤ ਸੰਧੂ ਦੀ ਕਵਿਤਾ ਬਾਰੇ ਕਿਹਾ ਕਿ ਜਗਜੀਤ ਸੰਧੂ ਕੋਲ ਕਵਿਤਾ ਖ਼ੁਦ ਚੱਲ ਕੇ ਆਉਂਦੀ ਹੈ। ਇਹ ਉਸ ਨੂੰ ਸੰਭਾਲ ਲੈਂਦੇ ਹਨ। ਏਸੇ ਕਰਕੇ ਪਾਠਕ ਇਨ੍ਹਾਂ ਦੀ ਕਵਿਤਾ ਦੇ ਨਾਲ ਨਾਲ ਝੂਮਦਾ ਚਲਾ ਜਾਂਦਾ ਹੈ। ਅਜਮੇਰ ਰੋਡੇ ਨੇ ਜਗਜੀਤ ਸੰਧੂ ਦੀ ਕਵਿਤਾ ਜਾਣ ਪਛਾਣ ਕਰਵਾਉਂਦਿਆਂ ‘ਹੁਣ ਤਾਈਂ’ ਵਿਚਲੀਆਂ ਕਵਿਤਾਵਾਂ ਦੀ ਕਾਵਿਕਤਾ ਅਤੇ ਰੂਪ ਦੀ ਗੱਲ ਕੀਤੀ। ਉਨ੍ਹਾਂ ਜਗਜੀਤ ਸੰਧੂ ਦੀ ਕਵਿਤਾ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਨਿਵੇਕਲੇ ਰੰਗ ਦੀ ਕਵਿਤਾ ਦੱਸਿਆ।

ਡਾ. ਸਾਧੂ ਸਿੰਘ ਨੇ ਜਗਜੀਤ ਸੰਧੂ ਦੀ ਕਵਿਤਾ ਦੇ ਵਸਤੂਗਤ ਦਾਇਰੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘ਹੁਣ ਤਾਈਂ’ ਵਿਚਲੀ ਕਵਿਤਾ ਸੁਤੰਤਰ, ਕੁਦਰਤ ਦੇ ਨੇੜੇ, ਸਹਿਜ, ਸਰਲ ਅਤੇ ਸਾਦਾ ਮਨੁੱਖ ਹੋਣ ਦੀ ਲੋਚਾ ਦਾ ਪ੍ਰਗਟਾਵਾ ਹੈ। ਇਹ ਕਵਿਤਾ ਦੱਸਦੀ ਹੈ ਕਿ ਕਿਸਾਨੀ ਜੀਵਨ ਕਿੰਨਾ ਦੁਰਗਮ ਹੈ, ਨੌਕਰੀਸ਼ੁਦਾ ਜੀਵਨ ਬੰਦੇ ਨੂੰ ਕੁਦਰਤੀ ਨਹੀਂ ਰਹਿਣ ਦਿੰਦਾ, ਬਾਜ਼ਾਰ ਨੇ ਆਮ ਮਨੁੱਖ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਅੱਜ ਸਾਨੂੰ ਬਾਜ਼ਾਰ ਦੀ ਬੰਦਿਸ਼, ਨੌਕਰੀ ਦੀ ਗ਼ੁਲਾਮੀ ਅਤੇ ਆਪਣੇ ਅੰਦਰਲੀਆਂ ਗੰਢਾਂ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸੰਧੂ ਕਹਿੰਦਾ ਹੈ ਕਿ ‘ਜ਼ਰੂਰੀ ਨਹੀਂ ਕਿ ਕਵਿਤਾ ਦਾ ਕੋਈ ਅਰਥ ਹੋਵੇ’। ਪਰ ਸ਼ਬਦ ਨੂੰ ਅਰਥ ਤੋਂ ਬਗ਼ੈਰ ਕਿਆਸ ਕਰਨਾ ਨਾ-ਮੁਮਕਿਨ ਹੈ। ਇਹ ਮੰਨਣਯੋਗ ਹੈ ਕਿ ਕਵਿਤਾ ਦੇ ਅਰਥ ਐਨ ਉੱਪਰ ਨਹੀਂ ਪਏ ਹੁੰਦੇ ਅਤੇ ਸੂਖਮ ਗੱਲ ਹਰ ਕਿਸੇ ਦੀ ਪਕੜ ਵਿਚ ਨਹੀਂ ਆਉਂਦੀ।

ਸੁਰਜੀਤ ਕਲਸੀ ਨੇ ਕਿਹਾ ਕਿ ਅਸਲ ਵਿਚ ਜਗਜੀਤ ਸੰਧੂ ਦੀ ਇਹ ਪੁਸਤਕ ਉਸ ਦੀਆਂ ਪਹਿਲਾਂ ਛਪੀਆਂ ਦੋ ਪੁਸਤਕਾਂ ਵਿਚਲੀ ਚੋਣਵੀਂ ਕਵਿਤਾ ਹੈ। ਇਹ ਕਵਿਤਾਵਾਂ ਲੈਅ, ਸੰਗੀਤ, ਕਾਵਿਕਤਾ ਨਾਲ ਲਬਰੇਜ਼ ਹਨ। ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਜਗਜੀਤ ਸੰਧੂ ਨੇ ਵਿਸ਼ੇ ਅਤੇ ਰੂਪ ਪੱਖ ਤੋਂ ਕਵਿਤਾ ਵਿਚ ਨਵੇਂ ਅਤੇ ਵਧੀਆ ਪ੍ਰਯੋਗ ਕੀਤੇ ਹਨ। ਉਨ੍ਹਾਂ ਦੀ ਕਵਿਤਾ ਨੂੰ ਦੋ ਜਾਂ ਤਿੰਨ ਵਾਰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ। ਅਮਨ ਸੀ. ਸਿੰਘ ਨੇ ਪੁਸਤਕ ‘ਹੁਣ ਤਾਈਂ’ ਦੇ ਸਰਵਰਕ ਦੀ ਗੱਲ ਕੀਤੀ ਅਤੇ ਟਾਈਟਲ ਦੇ ਰੰਗਾਂ ਦੇ ਸੁਮੇਲ ਨੂੰ ਪ੍ਰਭਾਵਸ਼ਾਲੀ ਦੱਸਿਆ। ਮਹਿੰਦਰਪਾਲ ਪਾਲ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜਗਜੀਤ ਸੰਧੂ ਨੇ ਕਵਿਤਾ ਵਿਚ ਨਵੇਂ ਪ੍ਰਯੋਗ ਕਰਨ ਦੀ ਜੁਰਅਤ ਕੀਤੀ ਹੈ। ਬਖਸ਼ਿੰਦਰ ਨੇ ਕਿਹਾ ਕਿ ਅਸਲ ਵਿਚ ਜਗਜੀਤ ਸੰਧੂ ਨੇ ਕਵਿਤਾ ਨਾਲ ਅਠਖੇਲੀਆਂ ਕੀਤੀਆਂ ਹਨ। ਹਰ ਇਕ ਕਵਿਤਾ ਮਾਸਟਰ ਪੀਸ ਹੈ ਅਤੇ ਹਰ ਕਵਿਤਾ ਵਿਚ ਨਵਾਂ ਵਿਚਾਰ, ਨਵਾਂ ਨਿਭਾਅ, ਨਵਾਂ ਸਟਾਈਲ ਅਤੇ ਨਵੇਂ ਨਵੇਂ ਸ਼ਬਦ ਵਰਤੇ ਗਏ ਹਨ। ਹਰਦਮ ਸਿੰਘ ਮਾਨ ਨੇ ਕਿਹਾ ਕਿ ਜਗਜੀਤ ਸੰਧੂ ਦੀ ਕਵਿਤਾ ਦਾ ਆਪਣਾ ਵੱਖਰਾ ਮੁਹਾਂਦਰਾ ਹੈ ਅਤੇ ਉਸ ਨੇ ਨਵੇਂ ਪ੍ਰਯੋਗ ਕੀਤੇ ਹਨ।

ਅੰਤ ਵਿਚ ਜਗਜੀਤ ਸੰਧੂ ਨੇ ਵਿਚਾਰ ਚਰਚਾ ਦੌਰਾਨ ਉਠਾਏ ਗਏ ਕੁਝ ਨੁਕਤਿਆਂ ਦਾ ਨਿਵਾਰਣ ਕੀਤਾ ਅਤੇ ਦੱਸਿਆ ਕਿ ਇਹ ਪੁਸਤਕ ਪਹਿਲਾਂ ਛਪ ਚੁੱਕੀਆਂ ਦੋ ਪੁਸਤਕਾਂ ਵਿਚਲੀਆਂ ਚੋਣਵੀਆਂ ਅਤੇ 2014 ਤੱਕ ਲਿਖੀਆਂ ਗਈਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਗ਼ਜ਼ਲ ਨਾਲੋਂ ਖੁੱਲ੍ਹੀ ਕਵਿਤਾ ਲਿਖਣੀ ਜ਼ਿਆਦਾ ਔਖੀ ਲਗਦੀ ਹੈ। ਉਨ੍ਹਾਂ ਗ਼ਜ਼ਲ ਸਬੰਧੀ ਆਪਣੇ ਵਿਚਾਰ ਦੱਸੇ ਅਤੇ ਯੂਨੀਵਰਸਿਟੀਆਂ ਵਿਚ ਬੈਠੇ ਵਿਦਵਾਨਾਂ ਦੇ ਦਾਇਰੇ ਦੀ ਗੱਲ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਅਸਲ ਵਿਚ ਅਜਿਹੇ ਵਿਦਵਾਨਾਂ ਨੂੰ ਚੁਣੌਤੀ ਦੇਣ ਦੇ ਰੂਪ ਵਿਚ ਸਾਹਮਣੇ ਆਈ ਹੈ। ਇਸ ਵਿਚਾਰ ਚਰਚਾ ਸਮੇਂ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਸਿੰਘ, ਕਾਮਰੇਡ ਨਵਰੂਪ ਸਿੰਘ, ਚਰਨਜੀਤ ਸਿੰਘ ਆਰਟਿਸਟ ਵੀ ਹਾਜ਼ਰ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles