ਵੈਨਕੂਵਰ ਵਿਚਾਰ ਮੰਚ ਨੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 89ਵਾਂ ਜਨਮ ਦਿਨ ਮਨਾਇਆ

ਸਰੀ, 14 ਅਗਸਤ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 89ਵਾਂ ਜਨਮ ਦਿਨ ਮਨਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਮੰਚ ਮੈਂਬਰਾਂ ਨੇ ਇਸ ਮੌਕੇ ਸ. ਸੇਖਾ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।

ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਸ. ਸੇਖਾ ਨਾਲ ਮੋਹ ਦਾ ਰਿਸ਼ਤਾ ਹੈ ਅਤੇ ਇਨ੍ਹਾਂ ਹਮੇਸ਼ਾ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ ਹੈ। ਮੋਹਨ ਗਿੱਲ ਨੇ ਸ. ਸੇਖਾ ਨਾਲ ਆਪਣੀ ਲੰਬੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਨਿਮਰ ਤਬੀਅਤ ਦੇ ਮਾਲਕ ਹਨ ਅਤੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਪ੍ਰਫੁੱਲਤ ਕਰਨ ਵਿਚ ਉਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ। ਅੰਗਰੇਜ਼ ਬਰਾੜ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਰਨੈਲ ਸਿੰਘ ਸੇਖਾ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਹਨ ਅਤੇ ਇਨ੍ਹਾਂ ਨੇ ਜੀਵਨ ਵਿਚ ਬਹੁਤ ਮੁਸ਼ੱਕਤ ਕੀਤੀ ਅਤੇ ਜ਼ਿੰਦਗੀ ਦੇ ਯਥਾਰਥ ਨੂੰ ਆਪਣੇ ਨਾਵਲਾਂ ਰਾਹੀਂ ਸਾਹਿਤ ਦੇ ਪਾਠਕਾਂ ਤੀਕ ਪੁਚਾਇਆ। ਉਨ੍ਹਾਂ ਦੀਆਂ ਲਿਖਤਾਂ ਤੋਂ ਜੀਵਨ ਪ੍ਰਤੀ ਬੇਹੱਦ ਪ੍ਰੇਰਨਾ ਮਿਲਦੀ ਹੈ। ਹਰਦਮ ਸਿੰਘ ਮਾਨ ਨੇ ਜਰਨੈਲ ਸਿੰਘ ਸੇਖਾ ਨੂੰ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸ਼ਖ਼ਸੀਅਤ ਦਸਦਿਆਂ ਉਨ੍ਹਾਂ ਦੀ ਲੰਮੇਰੀ ਜ਼ਿੰਦਗੀ ਲਈ ਦੁਆ ਕੀਤੀ।

ਜਰਨੈਲ ਸਿੰਘ ਸੇਖਾ ਨੇ ਜਨਮ ਦਿਨ ਮਨਾਉਣ ਲਈ ਮੰਚ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਜ਼ਹਾਰ ਕੀਤਾ ਕਿ ਉਨ੍ਹਾਂ ਦਾ ਨਵਾਂ ਨਾਵਲ ਮੁਕੰਮਲ ਹੋ ਗਿਆ ਹੈ ਅਤੇ ਜਲਦੀ ਹੀ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਖਰੀ ਦਮ ਤੱਕ ਸਾਹਿਤ ਦੀ ਰਚਨਾ ਕਰਦੇ ਰਹਿਣਗੇ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles