ਰਵਿੰਦਰ ਰਵੀ ਦੀ ਬੇਹਤਰੀਨ ਰਚਨਾ – ਮੇਰੀ ਕਲਮ ਦਵਾਤ

ਮੇਰੀ ਕਲਮ ਦਵਾਤ
:::::::::::;::::::::

ਆਪੇ ਹੀ ਮੈਂ ਕਾਗ਼ਜ਼ ਬਣਿਆਂ,
ਆਪੇ ਕਲਮ ਦਵਾਤ।
ਸੂਰਜ ਵਿੱਚੋਂ ਦਿਨ ਪਕੜਿਆ,
ਬੰਦ ਅੱਖਾਂ ‘ਚੋਂ ਰਾਤ।

ਸ਼ਬਦਾਂ ਦੇ ਵਿੱਚ ਕਿਣ ਮਿਣ ਪਕੜੀ,
ਅਰਥਾਂ ਵਿੱਚ ਬਰਸਾਤ।
ਬੱਦਲ਼ਾਂ ਨੂੰ ਸੱਤ-ਰੰਗੀਆਂ ਲਾਈਆਂ,
ਰੰਗ ਲਈ ਸਗਲ ਹਯਾਤ।

ਏਧਰ ਸੋਮਾਂ, ਓਧਰ ਸਾਗਰ,
ਵਿੱਚ ਵੱਗੇ ਦਰਿਆ।
ਦ੍ਰਿਸ਼ਟੀ ਤੇ ਦਰਸ਼ਨ ਦਾ ਕ੍ਰਿਸ਼ਮਾ,
ਇਹ ਸਾਰੀ ਕਾਇਨਾਤ।

‘ਨ੍ਹੇਰੇ ਦੇ ਵਿੱਚ ਆਦਿ ਅਸਾਡਾ,
‘ਨ੍ਹੇਰਾ ਮੌਤੋਂ ਪਾਰ।
‘ਹੁਣ’ ਦਾ ਛਿਣ ਹੀ ਲੱਟ ਲੱਟ ਮੱਚਦਾ,
ਲਾਟਾਂ ਦੀ ਬਾਰਾਤ।

‘ਹੁਣ’ ਵਿੱਚ ਬ੍ਰਹਮ ਤੇ ਬ੍ਰਹਮੰਡ ਦੋਵੇਂ,
‘ਹੁਣ’ ਵਿੱਚ ‘ਸ਼ਬਦ’ ਦਾ ‘ਕਰਤਾ’।
ਅਰਥ, ਰੂਪ, ਗਿਆਨ ਤੇ ਚਿੰਤਨ,
ਮਾਨਵ ‘ਹੁਣ’ ਦੀ ਬਾਤ!

ਪੈੜਾਂ ਨੇ ਇਤਿਹਾਸ ਸਿਰਜਿਆ,
ਕਲਪਨਾ ਨੇ ਮਿਥਿਹਾਸ!
ਇਕ ਬਿੰਦੂ ਤੋਂ ਦਇਰਾ ਬਣਿਆਂ,
ਬਿੰਦੂ ਦੀ ਕਰਾਮਾਤ!!!

ਆਪੇ ਹੀ ਮੈਂ ਗੀਤ ਸਿਰਜਿਆ,
ਆਪੇ ਧੁਨੀ ਬਣਾਈ।
ਦਿਸਦਾ ਤੇ ਅਣਦਿਸਦਾ ਸਭ ਕੁਝ,
ਆਪੇ ਦੀ ਹੀ ਬਾਤ।

ਰੌਸ਼ਨ ਆਪਾ, ਸਿੱਧ ਪੁੱਠ ਇਸ ਦੇ,
‘ਨ੍ਹੇਰਾ ਤੇ ਰੁਸ਼ਨਾਈ।
ਇਸ਼ਕ ਹੁਸਨ ਦੇ ਕਿੱਸੇ ਸਿਰਜੇ,
ਮੇਰੀ ਕਲਮ ਦਵਾਤ!!!

– ਰਵਿੰਦਰ ਰਵੀ –

Related Articles

- Advertisement -spot_img

Latest Articles