ਯੂ.ਬੀ.ਸੀ. ਵੈਨਕੂਵਰ ਵੱਲੋਂ ਸ਼ਾਇਰ ਮੋਹਨ ਗਿੱਲ ਦਾ ਹਰਜੀਤ ਕੌਰ ਸਿੱਧੂ ਐਵਾਰਡ ਨਾਲ ਸਨਮਾਨ

ਸਰੀ, 8 ਅਪ੍ਰੈਲ (ਹਰਦਮ ਮਾਨ)-ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ 30 ਸਾਲ ਪੂਰੇ ਹੋਣ ‘ਤੇ ਯੂਨੀਵਰਸਿਟੀ ਕੈਂਪਸ ਵਿਚ ਕਰਵਾਏ ਗਏ ਯਾਦਗਾਰੀ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਮੋਹਨ ਗਿੱਲ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਹਰਜੀਤ ਕੌਰ ਸਿੱਧੂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਦੀ ਸ਼ੁਰੂਆਤ ਏਸ਼ੀਅਨ ਸਟੱਡੀਜ਼ ਵਿਭਾਗ ਦੀ ਮੁਖੀ ਡਾ. ਸ਼ੈਰਾਲਿਲ ਓਰਬੋ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸਿੱਖਿਆ, ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਔਰਤਾਂ ਦੇ ਮੁੱਦਿਆਂ ਲਈ ਜ਼ੋਰਦਾਰ ਵਕਾਲਤ ਕਰਨ ਵਾਲੀ ਹਰਜੀਤ ਕੌਰ ਸਿੱਧੂ (ਨੀ ਗਿੱਲ) ਦੀ ਯਾਦ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ। ਜਿਸ ਵਿਚ ਮਰਹੂਮ ਸਿੱਧੂ ਦੇ ਪਰਿਵਾਰ ਵੱਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਨੂੰ ਹਰ ਸਾਲ ਹਰਜੀਤ ਕੌਰ ਸਿੱਧੂ ਐਵਾਰਡ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ‘ਤੇ ਮਹੱਤਵਪੂਰਨ ਕਾਰਜਾਂ ਨੂੰ ਵਿਦਿਆਰਥੀਆਂ ਅਤੇ ਵੈਨਕੂਵਰ ਖੇਤਰ ਦੇ ਵੱਡੀ ਗਿਣਤੀ ਵਿਚ ਦਰਸ਼ਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਸੱਭਿਆਚਾਰਕ ਖੇਤਰ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਭਾਸ਼ਾ ਸਿੱਖਣ ਤੇ ਵਰਤਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਏਸ਼ੀਅਨ ਸਟੱਡੀਜ਼ ਵਿਭਾਗ ਦੇ ਲੈਕਚਰਾਰ ਗੁਰਿੰਦਰ ਮਾਨ, ਏਸ਼ੀਅਨ ਲਾਇਬਰੇਰੀ ਦੀ ਮੁਖੀ ਸਿਰੀਲ ਇਸ਼ਘੀ ਫੁਰੂਜ਼ਾਵਾ ਅਤੇ ਸਰਬਜੀਤ ਕੌਰ ਰੰਧਾਵਾ (ਸਾਊਥ ਏਸ਼ੀਅਨ ਐਂਡ ਹਿਮਾਲੀਅਨ ਲਾਇਬ੍ਰੇਰੀਅਨ) ਨੇ ਵੀ ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਸ਼ਾਇਰ ਮੋਹਨ ਗਿੱਲ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਕੀਤੇ ਰਚਨਾਤਮਿਕ ਕਾਰਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੋਹਨ ਗਿੱਲ ਆਪਣੀਆਂ 15 ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾ ਚੁੱਕਿਆ ਹੈ। ਉਹ ਸ਼ਾਇਰ ਦੇ ਨਾਲ ਨਾਲ ਬਹੁਪੱਖੀ ਲੇਖਕ ਹੈ ਜਿਸ ਨੇ ਕਵੀ, ਵਿਅੰਗਕਾਰ, ਨਾਟਕਕਾਰ, ਸੰਪਾਦਕ ਅਤੇ ਅਨੁਵਾਦਕ ਦੇ ਤੌਰ ਤੇ ਸਾਹਿਤ ਜਗਤ ਵਿੱਚ ਆਪਣਾ ਇੱਕ ਨਿਵੇਕਲਾ ਨਾਮ ਬਣਾਇਆ ਹੈ।

ਮੋਹਨ ਗਿੱਲ ਨੂੰ ਹਰਜੀਤ ਕੌਰ ਯਾਦਗਾਰੀ ਐਵਾਰਡ ਪ੍ਰਦਾਨ ਕਰਨ ਦੀ ਰਸਮੀ ਕਾਰਵਾਈ ਉਪਰੰਤ ਮੋਹਨ ਗਿੱਲ ਨੇ ਆਪਣੇ ਜਨਮ ਭੋਇੰ ਪਿੰਡ ਡੇਹਲੋਂ (ਜ਼ਿਲਾ ਲੁਧਿਆਣਾ) ਤੋਂ ਸ਼ੁਰੂ ਹੋ ਕੇ 1977 ਵਿਚ ਵਿਲੀਅਮ ਲੇਕ (ਕੈਨੇਡਾ) ਵਿਚ ਮਨਜੀਤ ਕੌਰ ਨਾਲ ਵਿਆਹ ਹੋਣ ਅਤੇ ਕੈਨੇਡਾ ਵਿਚ ਸੈਟਲ ਹੋਣ ਤੱਕ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਸਾਹਿਤ ਨਾਲ ਉਸ ਨੂੰ ਕਾਲਜ ਸਮੇਂ ਤੋਂ ਲਗਾਓ ਸੀ ਪਰ ਕੈਨੇਡਾ ਆ ਕੇ ਦਸ ਕੁ ਸਾਲ ਲਿਖਣ ਕਾਰਜ ਵਿਚ ਖੜੋਤ ਆਈ ਅਤੇ ਫਿਰ ਪੈਰਾਂ ਸਿਰ ਹੋ ਕੇ ਮੁੜ ਕਲਮ ਅਜ਼ਮਾਈ ਦੇ ਸਫਰ ਸ਼ੁਰੂ ਹੋਇਆ। ਉਸ ਨੇ ਦੱਸਿਆ ਕਿ ਫਿਰ ਲਗਾਤਾਰ ਦਸ ਸਾਲ ਤੱਕ ਉਸ ਦੇ ਵਿਅੰਗਾਤਮਿਕ ਲੇਖ ਏਥੇ ਵੀਕਲੀ ਪੇਪਰ ਵਿਚ ਲਗਾਤਾਰ ਛਪਦੇ ਰਹੇ। ਉਸ ਨੇ ਕਵਿਤਾ ਦੇ ਵੱਖ ਵੱਖ ਰੂਪਾਂ ਗ਼ਜ਼ਲ, ਖੁੱਲ੍ਹੀ ਕਵਿਤਾ, ਰੁਬਾਈ, ਦੋਹੇ, ਹਾਇਕੂ ਆਦਿ ਵਿਚ ਆਪਣਾ ਕਾਵਿਕ ਕਾਰਜ ਕੀਤਾ ਹੈ। ਭਾਰਤ ਵਿਚ ਦੋ ਸਾਲ ਚੱਲੇ ਕਿਸਾਨ ਅੰਦੋਲਨ ਬਾਰੇ ਉਸ ਨੇ ਹਰ ਰੋਜ਼ ਇਕ ਕਾਵਿ ਰਚਨਾ ਫੇਸ ਬੁੱਕ ਰਾਹੀਂ ਸਾਂਝੀ ਕਰਦਿਆਂ ਬਾਅਦ ਵਿਚ ਇਨ੍ਹਾਂ ਰਚਨਾਵਾਂ ਨੂੰ ‘ਇਕ ਹੋਰ ਮਹਾਂਭਾਰਤ’ ਦੇ ਨਾਂ ਹੇਠ ਪੁਸਤਕ ਰੂਪ ਦਿੱਤਾ ਗਿਆ। ਇਸ ਮੌਕੇ ਉਸ ਨੇ ਆਪਣੀਆਂ ਕੁਝ ਕਾਵਿ ਰਚਨਾਵਾਂ ਰਾਹੀਂ ਕਾਵਿਕ ਮਾਹੌਲ ਸਿਰਜਿਆ। ਪ੍ਰੋਗਰਾਮ ਦੌਰਾਨ ਜਸ਼ਨਪ੍ਰੀਤ ਰੰਧਾਵਾ ਅਤੇ ਗੁਰਬਾਜ਼ ਸਿੰਘ ਗਰੇਵਾਲ ਨੇ ਗੀਤ ਅਤੇ ਕਵਿਤਾ ਰਾਹੀਂ ਆਪਣੀ ਹਾਜਰੀ ਲੁਆਈ।

ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸਰਵਨ ਸਿੰਘ ਰੰਧਾਵਾ (ਮੈਨੇਜਰ ਡੈਲਟਾ ਲਾਇਬ੍ਰੇਰੀਜ਼), ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਸੁੱਚਾ ਸਿੰਘ ਕਲੇਰ, ਹਰਦਮ ਸਿੰਘ ਮਾਨ, ਡਾ. ਹਰਜੋਤ ਕੌਰ ਖੈਹਿਰਾ, ਸੁਖਵਿੰਦਰ ਸਿੰਘ ਸਿੱਧੂ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles