ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਜੈਤੋ ‘ਚ ਰਿਲੀਜ਼

ਜੈਤੋ 27 ਫਰਵਰੀ (ਹਰਦਮ ਮਾਨ)-‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਐ ਸ਼ੌਕੀਨ ਜੱਟ ਦੀ’ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਬੁਲੰਦ ਆਵਾਜ਼ ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਅੱਜ ਜੈਤੋ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਜੈਤੋ ਦੀ ਸਤਿਕਾਰਤ ਸ਼ਖ਼ਸੀਅਤ ਪ੍ਰੋ. ਤਰਸੇਮ ਨਰੂਲਾ ਅਤੇ ਸ਼ਾਇਰ ਹਰਦਮ ਮਾਨ (ਕੈਨੇਡਾ) ਨੇ ਅਦਾ ਕੀਤੀ। ਇਸ ਮੌਕੇ ਗਾਇਕ ਪੰਮਾ ਸਾਹਿਰ, ਗੀਤਕਾਰ ਮਲਕੀਤ ਕਿੱਟੀ, ਵੀਡੀਓ ਡਾਇਰੈਕਟਰ ਸਿੰਘ ਬੀ ਬਿਸ਼ਨੰਦੀ ਵਾਲਾ, ਹਰਦੀਪ ਸਿੰਘ ਬਾਜਵਾ ਅਤੇ ਸੁਖਮਨ ਮੌਜੂਦ ਸਨ।

‘ਮੇਲਣ’ ਗੀਤ ਦੇ ਗੀਤਕਾਰ ਮਲਕੀਤ ਕਿੱਟੀ ਨੇ ਇਸ ਮੌਕੇ ਦੱਸਿਆ ਕਿ ਇਸ ਗੀਤ ਦੀ ਵੀਡੀਓ 28 ਫਰਵਰੀ ਨੂੰ ਯੂ-ਟਿਊਬ ਤੇ ਰਿਲੀਜ਼ ਕੀਤੀ ਜਾਵੇਗੀ। ਇਸ ਗੀਤ ਦਾ ਸੰਗੀਤ ਫਾਇਰ ਬੀਟ ਵੱਲੋਂ ਤਿਆਰ ਕੀਤਾ ਗਿਆ ਹੈ। ਸਿੰਘ ਬੀ ਦੀ ਨਿਰਦੇਸ਼ਨਾ ਹੇਠ ਫਿਲਮਾਈ ਗਈ ਵੀਡੀਓ ਵਿਚ ਅਦਾਕਾਰ ਪ੍ਰਥਮ ਵੱਟਸ ਤੇ ਤਨੂੰ ਰੰਧਾਵਾ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ ਅਤੇ ਬਲੌਰ ਸਿੰਘ ਨੇ ਇਸ ਨੂੰ ਕੈਮਰਾਬੰਦ ਕਰਨ ਦੀ ਭੂਮਿਕਾ ਨਿਭਾਈ ਹੈ। ਗੁਰਮੀਤ ਸਿੰਘ ਖੰਗੂੜਾ, ਰਣਜੀਤ ਸਿੰਘ ਪੰਮਾ (ਯੂ.ਐਸ.ਏ.), ਰਾਜ ਧਾਲੀਵਾਲ (ਯੂ.ਐਸ.ਏ.) ਅਤੇ ਸਰੰਪਚ ਮੰਗਲ ਸਿੰਘ ਢਿੱਲੋਂ (ਯੂ.ਐਸ.ਏ.) ਇਸ ਵੀਡੀਓ ਦੇ ਵਿਸ਼ੇਸ਼ ਸਹਿਯੋਗੀ ਹਨ।

ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ‘ਰਿਕੌਰਡ ਬੀ’ ਦੀ ਪੇਸ਼ਕਾਰੀ ਦੀ ਵੀਡੀਓ ਮਹਿਮਾਨਾਂ ਨੂੰ ਦਿਖਾਈ ਗਈ। ਇਸ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪ੍ਰੋ. ਤਰਸੇਮ ਨਰੂਲਾ ਨੇ ਇਸ ਨੂੰ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਦੱਸਿਆ। ਹਰਦਮ ਮਾਨ ਨੇ ਗੀਤ ਦੀ ਸ਼ਬਦਾਵਲੀ, ਸੁਰੀਲੇ ਸੁਰ ਤੇ ਸੰਗੀਤ ਦੀ ਤਾਰੀਫ਼ ਕੀਤੀ। ਹਰਦੀਪ ਸਿੰਘ ਬਾਜਵਾ ਨੇ ਗਾਇਕ ਪੰਮਾ ਸਾਹਿਰ, ਗੀਤਕਾਰ ਮਲਕੀਤ ਕਿੱਟੀ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles