ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਮਿੰਨੀ ਕਹਾਣੀ ਨੂੰ ਸਮਰਪਿਤ ਯਾਦਗਾਰੀ ਸਮਾਗਮ

ਪਟਿਆਲਾ, 20 ਫਰਵਰੀ (ਕਾਵਿ-ਸੰਸਾਰ ਬਿਊਰੋ) : ਭਾਸ਼ਾ ਵਿਭਾਗ, ਪਟਿਆਲਾ (ਪੰਜਾਬ)  ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਮਿੰਨੀ ਕਹਾਣੀ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਕੁਲਦੀਪ ਸਿੰਘ, ਡਾ. ਹਰਪ੍ਰੀਤ ਸਿੰਘ ਰਾਣਾ, ਮੋਹਨ ਸ਼ਰਮਾ, ਸਨਮਾਨਿਤ ਸ਼ਖ਼ਸੀਅਤ ਡਾ. ਬਲਦੇਵ ਸਿੰਘ ਖਹਿਰਾ ਸ਼ਾਮਲ ਸਨ। ਸ੍ਰੀ ਹਰਦਮ ਸਿੰਘ (ਕੈਨੇਡਾ), ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ. ਮਹੇਸ਼ ਗੌਤਮ ਅਤੇ ਸ੍ਰੀ ਜਗਦੀਸ਼ ਰਾਏ ਕੁਲਰੀਆਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਹੋਰਨਾਂ ਵਿਧਾਵਾਂ ਦੇ ਨਾਲ-ਨਾਲ ਮਿੰਨੀ ਕਹਾਣੀ, ਜਿਸ ਵਿਚ ਮਨੁੱਖੀ ਅਨੁਭਵ ਦੇ ਵਿਸ਼ਾਲ ਅਰਥ ਛੁਪੇ ਹੁੰਦੇ ਹਨ, ਸੰਬੰਧੀ ਵੀ ਹਰ ਸਾਲ ਸੰਵਾਦ ਰਚਾ ਕੇ ਮਾਤ ਭਾਸ਼ਾ ਦੇ ਵਿਕਾਸ ਵਿਚ ਨਿਰੰਤਰ ਯੋਗਦਾਨ ਪਾਉਂਦੀ ਆ ਰਹੀ ਹੈ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਹਨਾਂ ਦੇ ਪਰਵਾਰ ਵੱਲੋਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ ਪੰਜਾਬੀ ਮਿੰਨੀ ਕਹਾਣੀ ਪ੍ਰਤੀ ਉਤਸ਼ਾਹ ਅਤੇ ਸਨੇਹ ਦੀ ਭਾਵਨਾ ਪੈਦਾ ਕਰਦਾ ਆ ਰਿਹਾ ਹੈ। ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ ਦੇ ਹਵਾਲੇ ਨਾਲ ਮੁੱਖ ਮਹਿਮਾਨ ਡਾ. ਕੁਲਦੀਪ ਸਿੰਘ ਨੇ ਧਾਰਨਾ ਪ੍ਰਗਟ ਕੀਤੀ ਕਿ ਮਿੰਨੀ ਕਹਾਣੀ ਨੂੰ ਹਰਿਆਣਾ ਵਿਚ ਵੀ ਪ੍ਰਫੁੱਲਿਤ ਕਰਨ ਦੀ ਵਿਉਂਤਬੰਦੀ ਘੜੀ ਜਾਵੇਗੀ, ਜਦੋਂ ਕਿ ਸ੍ਰੀ ਮੋਹਨ ਸ਼ਰਮਾ ਦਾ ਕਹਿਣਾ ਸੀ ਕਿ ਤੇਜ਼ੀ ਨਾਲ ਉਭਰਨ ਵਾਲੀ ਇਹ ਵਿਧਾ ਸਾਹਿਤ ਜਗਤ ਵਿਚ ਦਿਨੋ- ਦਿਨ ਹੋਰ ਮਕਬੂਲੀਅਤ ਹੁੰਦੀ ਜਾ ਰਹੀ ਹੈ। ਸ੍ਰੀ ਹਰਦਮ ਸਿੰਘ ਮਾਨ ਨੇ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਕਾਵਿਮਈ ਜਜ਼ਬੇ ਸਾਂਝੇ ਕੀਤੇ।
ਡਾ. ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਇਸ ਪੁਰਸਕਾਰ ਨਾਲ ਉਹਨਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਇਸ ਪੁਰਸਕਾਰ ਵਿਚ ਡਾ . ਖਹਿਰਾ ਨੂੰ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਅਤੇ ਸ਼ਾਲ ਆਦਿ ਭੇਟ ਕੀਤੇ ਗਏ। ਸ. ਸੁਖਦੇਵ ਸਿੰਘ ਸ਼ਾਂਤ ਨੇ ਡਾ. ਖਹਿਰਾ ਦੀ ਮਿੰਨੀ ਕਹਾਣੀ ਕਲਾ ਸੰਬੰਧੀ ਪੇਪਰ ਪੜ੍ਹਿਆ। ਸ੍ਰੀ ਦਵਿੰਦਰ ਪਟਿਆਲਵੀ ਰਚਿਤ ਮਿੰਨੀ ਕਹਾਣੀਆਂ ਦੇ ਹਰਦੀਪ ਸਭਰਵਾਲ ਵੱਲੋਂ ਕੀਤੇ ਹਿੰਦੀ ਅਨੁਵਾਦ ਦੀ ਪੁਸਤਕ ‘ਉਡਾਨ’’ ਦਾ ਲੋਕ ਅਰਪਣ ਵੀ ਕੀਤਾ ਗਿਆ। ਡਾ. ਮਹੇਸ਼ ਗੌਤਮ ਅਤੇ ਬਾਬੂ ਸਿੰਘ ਰੈਹਲ ਨੇ ਚਰਚਾ ਕੀਤੀ। ਜਗਦੀਸ਼ ਰਾਏ ਕੁਲਰੀਆਂ ਨੇ ਮਿੰਨੀ ਕਹਾਣੀ ਬਾਰੇ ਚਰਚਾ ਕੀਤੀ। ਡਾ. ਸੁਰਜੀਤ ਸਿੰਘ ਖੁਰਮਾ, ਡਾ. ਹਰਜੀਤ ਸਿੰਘ ਸੱਧਰ, ਧਰਮ ਕੰਮੇਆਣਾ, ਡਾ. ਹਰਬੰਸ ਸਿੰਘ ਧੀਮਾਨ, ਬਾਜ਼ ਸਿੰਘ ਮਹਿਲੀਆ ਅਤੇ ਪ੍ਰੀਤਿਕਾ ਸ਼ਰਮਾ ਨੇ ਵਿਸ਼ੇਸ਼ ਰਚਨਾਵਾਂ ਸੁਣਾਈਆਂ ਅਤੇ ਚਰਚਾ ਵਿਚ ਭਾਗ ਲਿਆ।ਅੰਤ ਵਿੱਚ ਮਹਿਮਾਨ ਲੇਖਕ ਹਰਦਮ ਮਾਨ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਹਰਪ੍ਰੀਤ ਸਿੰਘ ਰਾਣਾ ਤੇ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ‘ਤੇ ਬਾਖੂਬੀ ਨਿਭਾਈ।

Related Articles

- Advertisement -spot_img

Latest Articles