“ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਸਿੱਖਿਆ ਦਾ ਪਸਾਰ” ਸੰਬੰਧੀ ਕੀਤੀ ਗਈ ਵਿਚਾਰ-ਚਰਚਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਓਪਨ ਡਿਸਟੈਂਸ ਵਿਭਾਗ ਦੇ ਮੁੱਖੀ ਡਾ. ਸਤਨਾਮ ਸਿੰਘ ਸੰਧੂ ਅਤੇ ਜਗਤ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਵੱਲੋਂ 31.12.2022 ਨੂੰ “ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਸਿੱਖਿਆ ਦਾ ਪਸਾਰ” ਵਿਸ਼ੇ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ।ਇਸ ਮੌਕੇ ਪੰਜਾਬੀ ਭਾਸ਼ਾ ਦੇ ਚਿੰਤਕ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਦੇ ਇਤਿਹਾਸ, ਵਿਕਾਸ, ਅਜੌਕੀ ਸਥਿਤੀ ਅਤੇ ਭਵਿੱਖ ਸਬੰਧੀ ਵਿਚਾਰ-ਚਰਚਾ ਕੀਤੀ।ਡਾ. ਸਤਨਾਮ ਸਿੰਘ ਸੰਧੂ ਜੀ ਨੇ ਚਰਚਾ ਵਿੱਚ ਸ਼ਾਮਿਲ ਵਿਦਵਾਨ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਦਾ ਰਸਮੀਂ ਸਵਾਗਤ ਕਰਦਿਆਂ ਆਪਣੇ ਮੁੱਲਵਾਨ ਸ਼ਬਦਾਂ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਅਤੇ ਕਾਰਜਾਂ ਦਾ ਸੰਖੇਪ ਵੇਰਵਾ ਦਿੱਤਾ।ਡਾ. ਸੰਧੂ ਸਾਹਿਬ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਅਤੇ ਉੱਚ ਸਿੱਖਿਆ ਦੇ ਪਸਾਰ ਲਈ ਸਮੇਂ-ਸਮੇਂ ਉੱਤੇ ਕੀਤੇ ਜਾ ਰਹੇ ਕਾਰਜਾਂ ਵਿੱਚ ਉਹਨਾਂ ਦਾ ਵਿਭਾਗ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਸੁਹਿਰਦਤਾ ਯੋਗਦਾਨ ਨਾਲ ਨਿਭਾ ਰਿਹਾ ਹੈ।


ਡਾ. ਰਾਜਿੰਦਰਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਦੇ ਮੁੱਢ ਤੋਂ ਹੁਣ ਤੱਕ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਤੱਕ ਮਾਂ ਬੋਲੀ ਪੰਜਾਬੀ ਕੋਲ ਬਾਬਾ ਬੁੱਲ੍ਹੇ ਸ਼ਾਹ, ਬਾਬਾ ਫ਼ਰੀਦ ਜੀ, ਵਾਰਿਸ ਸ਼ਾਹ ਅਤੇ ਹੋਰ ਮਹਾਨ ਸਾਹਿਤਕਾਰਾਂ ਵੱਲੋਂ ਰਚਿਆ ਮਹਾਨ ਸਾਹਿਤਕ ਖਜ਼ਾਨਾ ਹੈ ਤਾਂ ਉਦੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਹੋਣ ਦਾ ਕੋਈ ਖ਼ਤਰਾ ਨਹੀਂ।ਸਭ ਤੋਂ ਵੱਧ ਕੇ ਸਾਡੇ ਕੋਲ ਵਿਸ਼ਵ ਪ੍ਰਸਿੱਧ ਧਾਰਮਿਕ ਗ੍ਰੰਥ “ਸ੍ਰੀ ਗੁਰੂ ਗ੍ਰੰਥ ਸਾਹਿਬ” ਦਾ ਵਡਮੁੱਲਾ ਸਾਹਿਤਕ ਖਜ਼ਾਨਾ ਹੈ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ।ਅੱਜ 150 ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿੱਚੋਂ ਦਸਵੇਂ ਨੰਬਰ ਪਹੁੰਚਾਇਆ ਹੈ।ਪਰੂੰਤ ਫਿਰ ਵੀ ਅਸੀਂ ਮੌਜੂਦਾ ਸਮੇਂ ਦੀ ਸਥਿਤੀ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਹਨ ਜਿਨ੍ਹਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।ਇਸ ਸਬੰਧੀ ਰਲਮਿਲ ਕੇ ਕੰਮ ਕਰਨ ਦੀ ਲੋੜ ਹੈ।
ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਮੌਜੂਦਾ ਸਮੇਂ ਦੇ ਹਲਾਤਾਂ ਬਾਰੇ ਚਿੰਤਾ ਕਰਦਿਆਂ ਕਿਹਾ ਕਿ ਅੱਜ ਪੰਜਾਬੀਆਂ ਨੂੰ ਗੁਰਮੁਖੀ ਦੇ ਪੈਂਤੀ ਅੱਖਰ ਨਹੀਂ ਆਉਂਦੇ।ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲਣ ਉਤੇ ਜ਼ੁਰਮਾਨਾ ਕੀਤਾ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਬੱਚਿਆਂ ਦਾ ਭਵਿੱਖ ਨਹੀਂ ਬਣਦਾ।ਉੱਚ ਵਿੱਦਿਆ ਲਈ ਅਜੇ ਵੀ ਲੋੜੀਂਦੇ ਪਾਠ ਪੁਸਤਕਾਂ ਤੇ ਵਿਸ਼ਾ ਸਮੱਗਰੀ ਦਾ ਪੰਜਾਬੀ ਵਿੱਚ ਅਨੁਵਾਦ ਨਹੀਂ ਹੋ ਸਕਿਆ।ਅੱਜ ਪੰਜਾਬ ਦੀ ਨੌਜਵਾਨੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਤਲਾਸ਼ ਰਹੀ ਹੈ ਜਿਸ ਕਰਕੇ ਮਾਪੇ ਖੁਦ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਵੱਲ ਧੱਕ ਰਹੇ ਹਨ।ਪੰਜਾਬੀ ਬੋਲਣ ਵਾਲਿਆਂ ਨੂੰ ਗੰਵਾਰ ਸਮਝਾਇਆ ਜਾਂਦਾ ਹੈ।ਅੱਜ ਅਸੀਂ ਪੰਜਾਬੀ ਬੋਲਣ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ।ਹੋਰ ਤਾਂ ਹੋਰ ਪੰਜਾਬੀ ਬੋਲੀ ਨੂੰ ਸੂਬੇ ਦੀ ਰਾਜ ਭਾਸ਼ਾ ਦਾ ਰੁਤਬਾ ਹਾਸ਼ਿਲ ਕਰਨ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਆਉਂਣ ਵਾਲੇ ਸਮੇਂ ਵਿੱਚ ਪੰਜਾਬੀ ਬੋਲੀ ਨੂੰ ਹੋਰ ਵੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਅਸੀਂ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਹੀਂ ਨਿਭਾਇਆ।ਇਹ ਸੱਚਾਈ ਹੈ ਜਿਸਨੂੰ ਨਕਾਰਿਆ ਨਹੀਂ ਜਾ ਸਕਦਾ।
ਜਗਤ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਜੀ ਵੱਲੋਂ ਪੰਜਾਬੀ ਭਾਸ਼ਾ ਦੇ ਭਵਿੱਖ ਸੰਬੰਧੀ “ਪੰਜਾਬੀ ਭਾਸ਼ਾ ਦਾ ਪਸਾਰ” ਅਤੇ “ਕਾਇਦਾ-ਏ-ਨੂਰ 21ਵੀਂ ਸਦੀ” ਦੇ ਪ੍ਰਚਾਰ ਸੰਬੰਧੀ ਇਸ ਵਿਸ਼ੇਸ਼ ਸਮਾਗਮ ਰਾਹੀਂ ਕਰਵਾਈ ਵਿਚਾਰ-ਚਰਚਾ ਆਪਣੇ ਆਪ ਵਿੱਚ ਵਿਲੱਖਣਤਾ ਅਤੇ ਮਹੱਤਵਪੂਰਨ ਕਾਰਜ ਹੋ ਨਿਬੜਿਆ ਹੈ ਜਿਸ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੇ ਮੁਦੱਈ ਸੱਜਣਾਂ ਨੂੰ ਇੱਕ ਸਾਂਝੇ ਮੰਚ ਤੇ ਇਕੱਠੇ ਕਰਕੇ ਮਾਂ ਬੋਲੀ ਪੰਜਾਬੀ ਪ੍ਰਤੀ ਜਾਗਰੂਕ ਹੋਣ ਅਤੇ ਭਵਿੱਖ ਵਿੱਚ ਆਉਂਣ ਵਾਲੀਆਂ ਸਮੱਸਿਆਵਾਂ ਸਬੰਧੀ ਸੁਚੇਤ ਹੋਣ ਦਾ ਸੰਦੇਸ਼ ਪੰਜਾਬ ਅਤੇ ਪੂਰੇ ਸੰਸਾਰ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਸਫ਼ਲ ਉਪਰਾਲਾ ਕੀਤਾ ਗਿਆ। ਚੱਠਾ ਜੀ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ਵੇਲੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਦਾਤ ਹੈ।ਆਪਣੀ ਮਾਂ ਬੋਲੀ ਨੂੰ ਪਿਆਰ ਤੇ ਸਤਿਕਾਰ ਦੇਣਾ ਸਾਡਾ ਫਰਜ਼ ਹੈ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਤਰੱਕੀ ਦੇ ਨਾਲ-ਨਾਲ ਮੌਜੂਦਾ ਸਮੇਂ ਵਿੱਚ ਭਾਸ਼ਾ ਦੀ ਸਥਿਤੀ ਸੰਬੰਧੀ ਚਿੰਤਾ ਕਰਦਿਆਂ ਕਿਹਾ ਕਿ ਅੱਜ ਸਾਨੂੰ ਆਪਣੀ ਮਾਂ-ਬੋਲੀ ਦੀ ਬੱਲੇ-ਬੱਲੇ ਦੇ ਨਾਲ ਹੀ ਮਾਂ ਬੋਲੀ ਪੰਜਾਬੀ ਦੀ ਮੌਜੂਦਾ ਮਾੜੀ ਸਥਿਤੀ ਨੂੰ ਵਿਚਾਰਨ ਅਤੇ ਯੋਗ ਕਦਮ ਉਠਾਉਣ ਦੀ ਵੀ ਲੋੜ ਹੈ। ਜੇਕਰ ਸਮੱਸਿਆ ਹੈ ਤਾਂ ਉਸਦਾ ਹੱਲ ਵੀ ਹੁੰਦਾ ਹੈ।ਬਸ ਜ਼ਰੂਰਤ ਹੈ ਇੱਕ ਦੂਜੇ ਦੇ ਸਹਿਯੋਗ ਨਾਲ ਕੰਮ ਕਰਨ ਦੀ। ਉਹਨਾਂ ਨੇ ਕਿਹਾ ਕਿ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਬਲਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਪੰਜਾਬੀ ਬੋਲੀ ਲਈ ਕੰਮ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਅੱਜ ਪੰਜਾਬੀ ਭਾਸ਼ਾ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਗਈ ਹੈ। ਜਿੱਥੇ-ਜਿੱਥੇ ਵੀ ਪੰਜਾਬੀ ਲੋਕ ਜਾ ਕੇ ਰਹਿਣਗੇ, ਉੱਥੇ-ਉੱਥੇ ਮਾਂ ਬੋਲੀ ਪੰਜਾਬੀ ਵੀ ਵੱਸਦੀ ਰਹੇਗੀ।ਜਗਤ ਪੰਜਾਬੀ ਸਭਾ ਕਨੇਡਾ ਵੱਲੋਂ 4 ਸਾਲਾਂ ਦੀ ਸਖ਼ਤ ਮਿਹਨਤ ਸਦਕਾ ਤਿਆਰ ਕੀਤਾ ਗਿਆ ‘ਕਾਇਦਾ-ਏ-ਨੂਰ 21ਵੀਂ ਸਦੀ’ ਪੰਜਾਬੀ ਮਾਂ ਬੋਲੀ ਨੂੰ ਸਿਖਾਉਣ ਦੇ ਨਾਲ-ਨਾਲ ਤਿੰਨ ਹੋਰ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਮਦਦਗਾਰ ਸਿੱਧ ਹੋਵੇਗਾ।

ਸ੍ਰ. ਚੱਠਾ ਜੀ ਨੇ ਕਿਹਾ ਕਿ ਉਹਨਾਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਮਕਸਦ ‘ਕਾਇਦਾ-ਏ-ਨੂਰ 21ਵੀਂ ਸਦੀ’ ਨੂੰ ਘਰ-ਘਰ ਪਹੁੰਚਾਉਂਦਾ ਕਰਨਾ ਹੈ ਤਾਂਕਿ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਪੜ੍ਹਨੀ ਲਿਖਣੀ ਸਿਖਾਈ ਜਾ ਸਕੇ। ਭਾਸ਼ਾ ਨੂੰ ਲੈ ਕੇ ਕੀਤੇ ਵਿਚਾਰ ਚਰਚਾ ਦੌਰਾਨ ਸਾਹਮਣੇ ਆਏ ਸਵਾਲਾਂ ਦੇ ਹੱਲ ਲਈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਭਾਸ਼ਾਈ ਲੰਬਰਦਾਰ ਬਣਨਾ ਪੈਣਾ ਹੈ ਜੇਕਰ ਭਵਿੱਖ ਵਿੱਚ ਪੰਜਾਬੀ ਭਾਸ਼ਾ ਨੂੰ ਖ਼ਤਮ ਹੋਣ ਤੋਂ ਬਚਾਉਣਾ ਹੈ।
ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ, ਸ੍ਰ. ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਸ੍ਰੀਮਤੀ ਬਲਵਿੰਦਰ ਕੌਰ ਚੱਠਾ, ਮੀਤ ਪ੍ਰਧਾਨ ਪੱਬਪਾ ਕਨੇਡਾ, ਪ੍ਰਧਾਨਗੀ ਮੰਡਲ ਵੱਲੋਂ ਕਾਇਦਾ-ਏ-ਨੂਰ ਲਈ ਪਾਏ ਗਏ ਯੋਗਦਾਨ ਖ਼ਾਤਿਰ ਵਿਸ਼ੇਸ਼ ਤੌਰ ‘ਤੇ ਮੈਡਮ ਪ੍ਰਭਜੋਤ ਕੌਰ ਸੰਧੂ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ. ਸਤਨਾਮ ਸਿੰਘ ਵੱਲੋਂ ‘ਕਾਇਦਾ-ਏ-ਨੂਰ 21ਵੀਂ ਸਦੀ’ ਦਾ ਪ੍ਰਚਾਰ ਕਰਨ ਲਈ ਬਣਾਈ ਗਈ ਫਿਲਮ ਅਤੇ ਗਾਇਕ ਗੁਰਦੀਪ ਭੰਗੂ ਵੱਲੋਂ ਗਾਇਆ ਗੀਤ ਵੀ ਦਿਖਾਇਆ ਗਿਆ ਜੋ ਕਾਇਦਾ-ਏ-ਨੂਰ ਸੰਬੰਧੀ ਆਮ ਲੋਕਾਂ ਵਿੱਚ ਵਧੀਆ ਤਰੀਕੇ ਨਾਲ ਸੰਦੇਸ਼ ਦੇਣ ਵੀ ਕਾਰਗਰ ਸਾਬਤ ਹੋਣਗੇ।
ਇਸ ਵਿਚਾਰ ਚਰਚਾ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸਤਿਕਾਰ ਯੋਗ ਸ਼ਖ਼ਸੀਅਤਾਂ ਵਿੱਚੋਂ ਡਾਕਟਰ ਹਰਜਿੰਦਰ ਸਿੰਘ ਵਾਲੀਆ, ਡਾ. ਬਲਦੇਵ ਸਿੰਘ, ਸ੍ਰ. ਅਰਵਿੰਦਰ ਸਿੰਘ ਢਿੱਲੋਂ, ਡਾ. ਮਨਪ੍ਰੀਤ ਕੌਰ, ਡਾ. ਬਲਵਿੰਦਰ ਕੌਰ ਚੱਠਾ, ਡਾ. ਗੁਰਪ੍ਰੀਤ ਸਿੰਘ, ਸ੍ਰੀਮਤੀ ਬੇਅੰਤ ਕੌਰ, ਸ੍ਰੀਮਤੀ ਸੋਨੀ ਬੱਗਾ, ਸ. ਜਗਵੀਰ ਸਿੰਘ, ਸ੍ਰੀ ਅਵਿਨਾਸ਼ ਰਾਣਾ, ਸੰਦੀਪ ਸੁਮਨ ਰਾਣੀ, ਸ੍ਰ. ਸਤਨਾਮ ਸਿੰਘ, ਸ. ਸੁਖਵਿੰਦਰ ਸਿੰਘ ਫੁੱਲ,ਸ੍ਰੀ ਵਿਨੋਦ ਕੁਮਾਰ, ਗਾਇਕ ਗੁਰਦੀਪ ਭੰਗੂ, ਰੁਬਿੰਦਰ ਕੌਰ, ਸ. ਅਮਰਜੀਤ ਸਿੰਘ, ਅਤੇ ਹੋਰਾਂ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।ਸ. ਅਜੈਬ ਸਿੰਘ ਚੱਠਾ ਜੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਉਮੀਦ ਕਰਦੇ ਹਾਂ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੰਗੇ ਸਮਾਗਮ ਹੁੰਦੇ ਰਹਿਣਗੇ।

ਰਮਿੰਦਰ ਵਾਲੀਆ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ

Related Articles

- Advertisement -spot_img

Latest Articles