ਨਵੀਂ ‘ਭਾਰਤੀ-ਭਾਸ਼ਾ’ ਬਣਾ ਕੇ ਭਾਸ਼ਾ ਦਾ ਝਗੜਾ ਮਿਟਾਇਆ ਜਾਵੇ – ਠਾਕੁਰ ਦਲੀਪ ਸਿੰਘ

ਵਿਦੇਸ਼ੀ ਭਾਸ਼ਾ ਨੂੰ ਤਿਆਗਣ ਲਈ ਇੱਕ ਪ੍ਰਵਾਨਿਤ ਸਾਂਝੀ ਰਾਸ਼ਟਰੀ ਭਾਸ਼ਾ ਦੀ ਲੋੜ

ਸਰੀ, 2 ਮਾਰਚ (ਹਰਦਮ ਮਾਨ)- ਨਾਮਧਾਰੀ ਪੰਥ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਭਾਰਤ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸੰਦੇਸ਼ ਦਿੱਤਾ ਕਿ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਅਤੇ ਰਾਸ਼ਟਰ ਦੀ ਤਰੱਕੀ ਲਈ; ਹਿੰਦੀ ਅਤੇ ਦੱਖਣੀ ਭਾਸ਼ਾਵਾਂ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਦੀ ਲੋੜ ਹੈ; ਤਾਂ ਹੀ ਅਸੀਂ ਇਕੱਠੇ ਹੋ ਕੇ ਤਰੱਕੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਹੈ ਕਿ ਜਿੱਥੇ ਕਿਤੇ ਵੀ ਝਗੜੇ ਹੁੰਦੇ ਹਨ; ਉੱਥੇ ਤਰੱਕੀ ਰੁਕ ਜਾਂਦੀ ਹੈ ਅਤੇ ਦੇਸ਼ ਦਾ ਨੁਕਸਾਨ ਹੁੰਦਾ ਹੈ। ਇਸ ਲਈ, ਭਾਰਤੀਆਂ ਵਿੱਚ ਏਕਤਾ ਲਿਆਉਣ ਲਈ, ਭਾਰਤ ਦੇ ਲੋਕਾਂ ਨੂੰ ਹੀ ਅੱਗੇ ਆਉਣ ਦੀ ਲੋੜ ਹੈ। ਰਾਸ਼ਟਰ ਦੀ ਤਰੱਕੀ ਲਈ ਝਗੜੇ ਮਿਟਾ ਕੇ ਏਕਤਾ ਹੋਣੀ ਚਾਹੀਦੀ ਹੈ।
ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਅਤੇ ਸਰਲ ਤਰੀਕਾ ਹੈ ਕਿ ਸਾਰੇ ਭਾਰਤੀਆਂ ਦੇ ਆਪਸੀ ਸਹਿਯੋਗ ਨਾਲ ਭਾਰਤ ਵਿੱਚ ਉਤਪੰਨ ਹੋਈਆਂ ਮੂਲ ਭਾਸ਼ਾਵਾਂ, ਜਿਵੇਂ: ਸੰਸਕ੍ਰਿਤ, ਹਿੰਦੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਬੰਗਾਲੀ ਆਦਿ ਦੇ ਸ਼ਬਦਾਂ ਨੂੰ ਮਿਲਾ ਕੇ ਇੱਕ ਨਵੀਂ ਭਾਸ਼ਾ ਬਣਾਈ ਜਾਵੇ। ਇਸ ਨਵੀਂ ਭਾਸ਼ਾ ਵਿੱਚ ਉਰਦੂ, ਫਾਰਸੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਜਿਨ੍ਹਾਂ ਦੀ ਲਿਪੀ ਅਤੇ ਮੂਲ ਵਿਦੇਸ਼ੀ ਹਨ: ਉਨ੍ਹਾਂ ਦੇ ਸ਼ਬਦ ਸ਼ਾਮਲ ਨਾ ਕੀਤੇ ਜਾਣ ਅਤੇ ਇਸਦਾ ਨਾਮ ‘‘ਭਾਰਤੀ ਭਾਸ਼ਾ” ਰੱਖਿਆ ਜਾਵੇ। ਉਸ ‘ਭਾਰਤੀ ਭਾਸ਼ਾ” ਨੂੰ ਹੌਲੀ-ਹੌਲੀ ਅਸੀਂ ਅਪਨਾ ਲਈਏ, ਪਰ ਭਾਸ਼ਾ ਨੂੰ ਲੈ ਕੇ ਲੜਨਾ ਬੰਦ ਕਰ ਦੇਈਏ।‘ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਕੀਤੇ ਜਾਣ ਕਾਰਨ, ਇਸ ਨਵੀਂ ਭਾਸ਼ਾ ਉੱਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋ ਸਕਦਾ। ਇਸ ਤਰ੍ਹਾਂ ਪੂਰੇ ਭਾਰਤ ਦੀ ਇੱਕ ਹੀ ਭਾਸ਼ਾ ਹੋਵੇਗੀ ਅਤੇ ਉਹ ਰਾਸ਼ਟਰ ਭਾਸ਼ਾ ਵੀ ਬਣ ਜਾਵੇਗੀ। ਪਰੰਤੂ, ਇਸਦੇ ਲਈ ਜਨਤਾ ਦੀ ਆਪਸੀ ਸਹਿਮਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਭਾਰਤੀ ਜਨਤਾ ਹੀ, ਆਪਸ ਵਿੱਚ ਮਿਲ ਕੇ ਕਰ ਸਕਦੀ ਹੈ, ਨੇਤਾ ਲੋਕ ਨਹੀਂ ਕਰ ਸਕਦੇ। ਝਗੜੇ ਮਿਟਾ ਕੇ ਹੀ ਸ਼ਾਂਤੀ ਸਥਾਪਤ ਹੋ ਸਕਦੀ ਹੈ ਅਤੇ ਦੇਸ਼ ਦੀ ਤਰੱਕੀ ਕਰ ਸਕਦਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਓ! ਮਿਲ ਕੇ ਇੱਕ ਨਵੀਂ “ਭਾਰਤੀ ਭਾਸ਼ਾ” ਦੀ ਕਾਢ ਕੱਢੀਏ, ਜਿਸ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸ਼ਬਦ ਸ਼ਾਮਿਲ ਹੋਣ।
ਹਿੰਦੀ, ਤਾਮਿਲ, ਮਲਿਆਲਮ, ਕੰਨੜ, ਉੜੀਆ ਦਾ ਝਗੜਾ ਮਿਟਾਈਏ।
ਭਾਰਤੀ ਭਾਸ਼ਾਵਾਂ ਨੂੰ ਮਿਲਾ ਕੇ, ਇੱਕ ਨਵੀਂ ‘‘ਭਾਰਤੀ-ਭਾਸ਼ਾ” ਬਣਾਈਏ।
ਸਭ ਜਾਣਦੇ ਹਨ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਸਾਡੀ ਕੋਈ ਵੀ ਇੱਕ ਰਾਸ਼ਟਰ ਭਾਸ਼ਾ ਨਹੀਂ ਬਣ ਸਕੀ ਕਿਉਂਕਿ ਦੱਖਣ ਦੇ ਲੋਕ ਹਿੰਦੀ ਨੂੰ ਪਸੰਦ ਨਹੀਂ ਕਰਦੇ। ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ 1947 ਤੋਂ ਹੀ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਲਈ ਯਤਨਸ਼ੀਲ ਹਨ। ਪਰ ਸਹਿਮਤੀ ਨਾ ਹੋਣ ਕਾਰਣ, ਕੋਈ ਵੀ ਸਫਲ ਨਹੀਂ ਹੋਇਆ। ਇਹੀ ਕਾਰਨ ਹੈ ਕਿ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਦੀ ਵਰਤੋਂ ਕਰਕੇ, ਸਾਰੇ ਸੂਬਿਆਂ ਵਿੱਚ ਆਪਸੀ ਪੱਤਰ-ਵਿਹਾਰ ਹੁੰਦਾ ਹੈ ਅਤੇ ਸਾਡੀਆਂ ਅਦਾਲਤਾਂ ਵਿੱਚ ਕੰਮ ਵੀ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ। ਜਦੋਂ ਤੱਕ ਅਸੀਂ ਵਿਦੇਸ਼ੀ ਗੁਲਾਮੀ ਦਾ ਕਲੰਕ, ‘ਅੰਗਰੇਜ਼ੀ ਭਾਸ਼ਾ’ ਨੂੰ ਨਹੀਂ ਛੱਡਦੇ;  ਉਦੋਂ ਤੱਕ ਅਸੀਂ ਸੱਚਮੁੱਚ ਆਜ਼ਾਦ ਨਹੀਂ ਹੋ ਸਕਦੇ। ਵਿਦੇਸ਼ੀ ਭਾਸ਼ਾ ਨੂੰ ਪੂਰੀ ਤਰ੍ਹਾਂ ਤਿਆਗਣ ਲਈ, ਸਾਨੂੰ ਆਪਣੀ ਇੱਕ ਪ੍ਰਵਾਨਿਤ ਸਾਂਝੀ ਰਾਸ਼ਟਰੀ ਭਾਸ਼ਾ ਦੀ ਲੋੜ ਹੈ। ਜਿਨ੍ਹਾਂ ਦੱਖਣੀ ਸੂਬਿਆਂ ਦੇ ਲੋਕ ਹਿੰਦੀ ਨੂੰ ਆਪਣੀ ਰਾਸ਼ਟਰ ਭਾਸ਼ਾ ਨਹੀਂ ਮੰਨਦੇ; ਉਨ੍ਹਾਂ ਸਾਰੇ ਦੱਖਣੀ ਸੂਬਿਆਂ ਦੀਆਂ ਭਾਸ਼ਾਵਾਂ ਵਿੱਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਹਿੰਦੀ, ਸੰਸਕ੍ਰਿਤ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਮਿਲਦੇ ਹਨ। ਜਿਵੇਂ: ਕਰੁਣਾ, ਗੁਰੂ, ਧਰਮ, ਦਇਆ, ਨਗਰ, ਮਾਂ, ਸ਼ਾਸਤਰ, ਅਰਥ, ਲਿੰਗ, ਸੰਧੀ ਆਦਿ। ਇਸ ਕਾਰਨ ਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਮਿਲਾ ਕੇ, ਇੱਕ ਨਵੀਂ ਭਾਰਤੀ-ਭਾਸ਼ਾ ਬਣਾਈ ਜਾ ਸਕਦੀ ਹੈ, ਜੋ ਹਰ ਇੱਕ ਨੂੰ ਸਵੀਕਾਰ ਹੋਵੇ। ਜਦੋਂ ਅਸੀਂ ਦੱਖਣੀ ਸੂਬਿਆਂ ਦੀਆਂ ਭਾਸ਼ਾਵਾਂ ਨੂੰ ਨਵੀਂ ‘‘ਭਾਰਤੀ ਭਾਸ਼ਾ” ਵਿੱਚ ਯੋਗ ਸਥਾਨ ਦੇਵਾਂਗੇ ਅਤੇ ਉਨ੍ਹਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਅਸੀਂ ਹਿੰਦੀ ਬੋਲਣ ਵਾਲੇ ਲੋਕ ਵੀ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਉਹ ਲੋਕ ਵੀ ਸਾਡੀਆਂ ਉੱਤਰੀ ਭਾਸ਼ਾਵਾਂ ਅਤੇ ਹਿੰਦੀ ਦੇ ਸ਼ਬਦਾਂ ਨੂੰ ਅਪਣਾਉਣ ਲੱਗ ਪੈਣਗੇ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਇੱਕ ਨਵੀਂ ‘‘ਭਾਰਤੀ ਭਾਸ਼ਾ” ਬਣਾ ਕੇ, ਇਸਨੂੰ ਲਾਗੂ ਨਾ ਕੀਤਾ; ਤਾਂ ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਦੀ ਗੁਲਾਮੀ, ਉਹਨਾਂ ਦੀ ਭਾਸ਼ਾ ਦੇ ਰੂਪ ਵਿੱਚ ਸਦਾ ਲਈ ਚੱਲਦੀ ਹੀ ਰਹੇਗੀ। ਭਾਰਤਵਾਸੀਆਂ ਲਈ ਇਹ ਵਿਚਾਰਨ ਦਾ ਵੇਲਾ ਹੈ ਕਿ ਕੀ ਅਸੀਂ ਗੁਲਾਮੀ ਦਾ ਕਲੰਕ; ਵਿਦੇਸ਼ੀ-ਅੰਗਰੇਜ਼ੀ-ਭਾਸ਼ਾ ਨੂੰ ਰੱਖਣਾ ਹੈ ਜਾਂ ਅਸੀਂ ਉਸ ਗੁਲਾਮੀ ਦੇ ਚਿੰਨ੍ਹ ਤੋਂ ਆਜ਼ਾਦ ਹੋ ਕੇ ਆਪਣੀ ਨਵੀਂ ਭਾਸ਼ਾ ਬਣਾ ਕੇ ਪੂਰੀ ਤਰ੍ਹਾਂ ਆਜ਼ਾਦ ਹੋਣਾ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles