“ ਨਵਾਂ ਸਾਲ ਪਦਮ ਸ਼੍ਰੀ ਡਾ : ਸੁਰਜੀਤ ਪਾਤਰ ਜੀ ਨਾਲ ਸਿਰਜਨਾ ਦੇ ਆਰ ਪਾਰ ਵਿੱਚ “

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਔਨਲਾਈਨ ਪ੍ਰੋਗਰਾਮ 1 ਜਨਵਰੀ ਐਤਵਾਰ ਨੂੰ ਸਾਲ ਦੇ ਪਹਿਲੇ ਦਿਨ ਕਰਵਾਇਆ ਗਿਆ।ਇਸ ਵਾਰੀ ਦੇ ਪ੍ਰੋਗਰਾਮ ਵਿੱਚ ਪਦਮਸ਼੍ਰੀ ਡਾ ਸੁਰਜੀਤ ਪਾਤਰ ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰੰਮੀ ਜੀ ਨੇ ਪਾਤਰ ਸਾਹਿਬ ਨੂੰ ਜੀ ਆਇਆਂ ਆਖਿਆ ਤੇ ਕਿਹਾ ਕਿ ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ ਕਿ ਨਵਾਂ ਸਾਲ ਪਦਮ ਸ੍ਰੀ ਡਾ ਸੁਰਜੀਤ ਪਾਤਰ ਜੀ ਨਾਲ ਕਰ ਰਹੇ ਹਾਂ । ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਸਾਲ ਦੇ ਪਹਿਲੇ ਦਿਨ ਹੀ ਪਾਤਰ ਸਾਹਿਬ ਦਾ ਰੂਬਰੂ ਕਰਵਾਓਣ ਨੂੰ ਸੁਭਾਗਾ ਦੱਸਿਆ ਅਤੇ ਇੱਕ ਚੰਗੀ ਸ਼ੁਰੁਆਤ ਕਹਿੰਦਿਆਂ ਪਾਤਰ ਸਾਹਿਬ ਨੂੰ ਇਕ ਯੁੱਗ ਕਵੀ ਅਤੇ ਪੰਜਾਬੀ ਸਾਹਿਤ ਦਾ ਮਾਣ ਦੱਸਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪਾਤਰ ਸਾਹਿਬ ਦੀ ਗ਼ਜ਼ਲ ‘ਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲ ਚ ਬਰਸਾਤ ਹੋਈ ਗਾ ਕੇ ਸਭ ਦਾ ਮਨ ਮੋਹ ਲਿਆ। ਉਹਨਾਂ ਨੇ ਪਾਤਰ ਸਾਹਿਬ ਦੀ ਸ਼ਾਇਰੀ ਨੂੰ ਹਰ ਉਮਰ ਹਰ ਵਰਗ ਲਈ ਪ੍ਰੇਰਨਾਦਾਇਕ ਮੰਨਿਆ। ਪਦਮ ਸ਼੍ਰੀ ਸੁਰਜੀਤ ਪਾਤਰ ਜੀ ਦੀ ਜ਼ਿੰਦਗੀ,ਸ਼ਾਇਰੀ ਅਤੇ ਸਿਰਜਣਾਤਮਕ ਪਲਾਂ ਦੇ ਅਨੁਭਵ ਸਬੰਧੀ ਗੱਲਬਾਤ ਪ੍ਰੋ ਕੁਲਜੀਤ ਕੌਰ ਨੇ ਬੜੇ ਦਿਲਚਸਪ ਅੰਦਾਜ਼ ਵਿੱਚ ਕੀਤੀ। ਉਹਨਾਂ ਪਾਤਰ ਸਾਹਿਬ ਦੇ ਸਮੁੱਚੇ ਜੀਵਨ ਸਬੰਧੀ ਇਕ ਕਵਿਤਾ ਤੋਂ ਸ਼ੁਰੂਆਤ ਕਰਦਿਆਂ ਲੋਕ ਮਨਾਂ ਵਿੱਚ ਘਰ ਕਰ ਗਈਆਂ ਪਾਤਰ ਸਾਹਿਬ ਦੀਆਂ ਕੁਝ ਤੁਕਾਂ :
ਏਨਾ ਸੱਚ ਨਾ ਬੋਲ ਕਿ ‘ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲ਼ੈ ਮੋਢਾ ਦੇਣ ਲਈ ਅਤੇ
ਲੱਗੀ ਜੇ ਤੇਰੇ ਕਾਲਜੇ ਜੇ ਛੁਰੀ ਨਹੀਂ,
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਅਤੇ
ਇੱਕ ਕੈਦ ‘ਚੋਂ ਦੂਜੀ ਕੈਦ ‘ਚ ਪੈ ਗਈ ਏਂ
ਕੀ ਖੱਟਿਆ ਮਹਿੰਦੀ ਲਾਕੇ ਵੱਟਣਾ ਮਲ ਕੇ
ਆਦਿ ਸੁਣਾ ਕੇ ਗੱਲਬਾਤ ਦਾ ਸਿਲਸਿਲਾ ਆਰੰਭ ਕੀਤਾ।

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਪ੍ਰੋਗਰਾਮ

ਪਦਮਸ਼੍ਰੀ ਪਾਤਰ ਸਾਹਿਬ ਨੇ ਸਭ ਦਰਸ਼ਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦੇਂਦਿਆਂ ਆਪਣੇ ਕਾਵਿਕ ਸਫ਼ਰ ਦੇ ਆਰੰਭਲੇ ਦਿਨਾਂ ਬਾਰੇ ਆਪਣੇ ਮਾਤਾ ਪਿਤਾ ਤੋਂ ਮਿਲੇ ਪਿਆਰ ਮਾਰਗ ਦਰਸ਼ਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸਕੂਲੀ ਦਿਨਾਂ ਵਿੱਚ ਕਾਵਿ ਰਚਨਾ ਕਰਨ ਕਾਲਜ ਵਿੱਚ ਡਾ ਸੁਰਜੀਤ ਸਿੰਘ ਸੇਠੀ ਵੱਲੋਂ ਦਿੱਤੇ ਉਤਸ਼ਾਹ ਬਾਰੇ ਦੱਸਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਹਾਸਿਲ ਕਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਕੀਤੀ ਨੌਕਰੀ ਬਾਰੇ ਅਤੇ ਆਪਣੀ ਕਾਵਿ ਪੁਸਤਕਾਂ ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ,ਹਵਾ ਵਿੱਚ ਲਿਖੇ ਹਰਫ਼,ਸੂਰਜਮੰਦਰ ਦੀਆਂ ਪੌੜੀਆਂ,ਸਦੀ ਦੀਆਂ ਤਰਕਾਲਾਂ,ਚੰਨ ਸੂਰਜ ਦੀ ਵਹਿੰਗੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਆਪਣੇ ਕਾਵਿ ਨਾਇਕ ਵਿੱਚ ਪਿਆਰ,ਸੁਹਜ ਅਤੇ ਪ੍ਰਗਤੀ ਦੇ ਜਜ਼ਬੇ ਬਾਰੇ ਦੱਸਿਆ। ਰਾਜਸੀ ਚੇਤਨਾ ਵਾਲੇ ਕੁਝ ਕਾਵਿ ਰੂਪ ਸਾਂਝੇ ਕੀਤੇ। ਉਹਨਾਂ ਨੇ ‘ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ‘ ਗ਼ਜ਼ਲ ਗਾ ਕੇ ਸੁਣਾਈ।ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਰੌਚਿਕ ਅਤੇ ਪ੍ਰੇਰਨਾਦਾਇਕ ਪਲ ਸਾਂਝੇ ਕਰਦਿਆਂ ਆਪਣੇ ਪੁੱਤਰ ਮਨਰਾਜ ਪਾਤਰ ਦੀ ਸੰਗੀਤਕ ਲਗਨ ਬਾਰੇ ਦੱਸਿਆ।ਇਸ ਦੌਰਾਨ ਪਾਤਰ ਸਾਹਿਬ ਦਾ ਲਿਖਿਆ ਮਨਰਾਜ ਪਾਤਰ ਦਾ ਗਾਇਆ ਰਿਕਾਰਡਡ ਗੀਤ“ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ “ ਸਭ ਨੇ ਸੁਣਿਆ ਅਤੇ ਮਾਣਿਆ।

ਪ੍ਰਸਿੱਧ ਪੰਜਾਬੀ ਲੇਖਿਕਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਟਰਾਂਟੋ ਨੇ ਸੁਰਜੀਤ ਪਾਤਰ ਜੀ ਦਾ ਧੰਨਵਾਦ ਕਰਦਿਆਂ ਉਹਨਾਂ ਦੀ ਸਾਹਿਤਕ ਦੇਣ ਅਤੇ ਸੁਭਾਅ ਵਿਚਲੀ ਸਹਿਜਤਾ ਅਤੇ ਸੰਵੇਦਨਾ ਬਾਰੇ ਗੱਲ ਕਰਦਿਆਂ ਉਹਨਾਂ ਦੀਆਂ ਲਿਖਤਾਂ ਨੂੰ ਵਿਦਿਆਰਥੀਆਂ ਅੰਦਰ ਨਵੀਂ ਚੇਤਨਾ ਪੈਦਾ ਕਰਨ ਵਾਲੀਆਂ ਦੱਸਿਆ ਅਤੇ ਉਹਨਾਂ ਨੂੰ ਹਰ ਪਾਠਕ ਵਰਗ ਦੇ ਹਰਮਨ ਪਿਆਰੇ ਕਵੀ ਪ੍ਰਵਾਨ ਕੀਤਾ।ਸ੍ਰ ਪਿਆਰਾ ਸਿੰਘ ਕੁੱਦੋਵਾਲ ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਪਾਤਰ ਸਾਹਿਬ ਦਾ ਨਵੇਂ ਵਰ੍ਹੇ ਵਿਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦਿਲੀ ਧੰਨਵਾਦ ਕੀਤਾ। ਉਹਨਾਂ ਅਮਰੀਕਾ ਵਿੱਚ ਪਾਤਰ ਸਾਹਿਬ ਨਾਲ ਜੁੜੀਆਂ ਸਾਹਿਤਕ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪ ਨੂੰ ਪੰਜਾਬੀ ਕਾਵਿ ਨੂੰ ਵਿਸ਼ਵ ਪੱਧਰ ਦੀ ਕਵਿਤਾ ਦੇ ਹਾਣੀ ਬਣਾਉਣ ਵਾਲ਼ੇ ਮਹਾਂ ਕਵੀ ਮੰਨਿਆ। ਇਸ ਪ੍ਰੋਗਰਾਮ ਵਿੱਚ ਓਨਟਾਰੀਓ ਫਰੈਂਡਜ ਕਲੱਬ ਦੇ ਪ੍ਰਧਾਨ ਸ੍ਰ ਰਵਿੰਦਰ ਸਿੰਘ ਕੰਗ ਨੇ ਪਾਤਰ ਸਾਹਿਬ ਦਾ ਧੰਨਵਾਦ ਕੀਤਾ ਅਤੇ ਸਮੁਚੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੀ ਟੀਮ ਨੂੰ ਇਸ ਯਤਨ ਲਈ ਵਧਾਈ ਦਿੱਤੀ। ਪ੍ਰੋ ਜਾਗੀਰ ਸਿੰਘ ਕਾਹਲੋਂ,ਡਾ ਰਵਿੰਦਰ ਭਾਟੀਆ, ਹਰਦਿਆਲ ਸਿੰਘ ਝੀਤਾ, ਪ੍ਰਿੰਸੀਪਲ ਅਰਮਾਨ ਪ੍ਰੀਤ,ਜੋਤੀ ਮਾਂਗਟ, ਸਤਿੰਦਰ ਕੌਰ ਕਾਹਲੋਂ , ਰਾਜਬੀਰ ਗਰੇਵਾਲ , ਨਿਰਵੈਰ ਸਿੰਘ ਅਰੋੜਾ ਆਦਿ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਦੇਸ਼ ਵਿਦੇਸ਼ ਤੋਂ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਸਮੁੱਚੇ ਤੌਰ ਤੇ ਨਵੇਂ ਸਾਲ ਵਾਲੇ ਦਿਨ ਡਾ ਸੁਰਜੀਤ ਪਾਤਰ ਜੀ ਦਾ ਇਹ ਰੂਬਰੂ ਤੇ ਨਵੇਂ ਸਾਲ ਦਾ ਪਹਿਲਾ ਦਿਨ ਬਹੁਤ ਖ਼ੂਬਸੂਰਤ ਤੇ ਯਾਦਗਾਰੀ ਹੋ ਨਿਬੜਿਆ । ਮਾਡਰੇਟਰ ਪ੍ਰੋ ਕੁਲਜੀਤ ਕੌਰ ਜੀ ਦਾ ਰੂਬਰੂ ਕਰਨ ਦਾ ਅੰਦਾਜ਼ ਬਹੁਤ ਖ਼ੂਬਸੂਰਤ ਤੇ ਵਿਲੱਖਣ ਢੰਗ ਦਾ ਹੁੰਦਾ ਹੈ , ਜਿਸਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਜੁੜੀਆਂ ਅਦਬੀ ਸ਼ਖ਼ਸੀਅਤਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ।

ਰਮਿੰਦਰ ਰੰਮੀ

ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

Related Articles

- Advertisement -spot_img

Latest Articles