ਤਿਲਕ ਲਾਉਣ ਵਾਲੇ ਅਤੇ ਕੇਸ-ਰਹਿਤ (ਮੋਨੇ) ਵੀ ਸਿੱਖ ਹੋ ਸਕਦੇ ਹਨ – ਠਾਕੁਰ ਦਲੀਪ ਸਿੰਘ

ਸਰੀ, 27 ਮਾਰਚ (ਹਰਦਮ ਮਾਨ)-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਘਟਾਉਣ ਵਾਸਤੇ ਕੂੜ ਪ੍ਰਚਾਰ ਕੀਤਾ ਗਿਆ ਹੈ ਕਿ ਤਿਲਕ ਲਾਉਣ ਵਾਲੇ, ਕੇਸ ਰਹਿਤ (ਮੋਨੇ) ਸਿੱਖ ਨਹੀਂ ਹੋ ਸਕਦੇ ਸੱਚਾਈ ਤਾਂ ਇਹ ਹੈ ਕਿ ਤਿਲਕ ਲਾਉਣ ਵਾਲੇ, ਕੇਸ ਰਹਿਤ ਵੀ ਸਿੱਖ ਹੋ ਸਕਦੇ ਹਨ; ਜੇ ਉਹ ਸਿੱਖ ਗੁਰੂ ਸਾਹਿਬਾਨ ਉੱਪਰ ਸ਼ਰਧਾ ਰੱਖਣ, ਪਰੰਤੂ ਮੋਨੇ ਕੇਸ ਰਹਿਤ ਲੋਕ ਅੰਮ੍ਰਿਤਧਾਰੀ ਖਾਲਸੇ ਨਹੀਂ ਹੋ ਸਕਦੇ; ਕਿਉਂਕਿ ਉਹਨਾਂ ਨੇ ਅੰਮ੍ਰਿਤ ਪਾਨ ਕਰਕੇ ਖਾਲਸਾਈ ਮਰਿਆਦਾ ਧਾਰਨ ਨਹੀਂ ਕੀਤੀ।

ਇਕ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਹੈ ਕਿ “ਅੰਮ੍ਰਿਤਧਾਰੀ ਖ਼ਾਲਸਾ ਪੰਥ” ਤਾਂ ਸਮੁੱਚੇ ਸਿੱਖ ਪੰਥ ਦਾ ਇੱਕ “ਸ੍ਰੇਸ਼ਟ-ਅੰਗ” ਹੈ। ਪਰੰਤੂ, ਪੂਰਾ ਸਿੱਖ ਪੰਥ: ਸਿਰਫ਼ “ਅੰਮ੍ਰਿਤਧਾਰੀ ਖ਼ਾਲਸਾ” ਹੀ ਨਹੀਂ; ਸਿੱਖ ਪੰਥ ਤਾਂ ਸਾਰੀਆਂ “ਗੁਰੂ ਨਾਨਕ ਪੰਥੀ” ਸੰਪਰਦਾਵਾਂ ਨੂੰ ਮਿਲਾ ਕੇ ਬਣਦਾ ਹੈ। ਬਾਕੀ ਸਿੱਖ ਸੰਪਰਦਾਵਾਂ ਵਾਂਗ “ਅੰਮ੍ਰਿਤਧਾਰੀ ਖਾਲਸਾ” ਵੀ ਇੱਕ ਸਿੱਖ ਸੰਪਰਦਾ ਹੀ ਹੈ। “ਗੁਰਦੁਆਰਾ ਐਕਟ” ਵਿੱਚ ਲਿਖੀ ਹੋਈ “ਸਿੱਖ” ਦੀ ਪਰਿਭਾਸ਼ਾ, ਕੇਵਲ ਗੁਰਦਵਾਰਾ ਚੋਣਾਂ ਨਾਲ ਸੰਬੰਧਿਤ ਹੈ। ਪਰੰਤੂ, ਇਹ ਪਰਿਭਾਸ਼ਾ ਗੁਰੂ ਆਸ਼ੇ ਤੋਂ ਵਿਰੁੱਧ ਹੈ।

ਠਾਕੁਰ ਦਲੀਪ ਸਿੰਘ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਦੇ ਹੋਏ ਆਖਿਆ ਹੈ ਕਿ ਗੁਰੂ ਸਾਹਿਬਾਨ ਦੇ ਵੇਲੇ ਵੀ ਸਿੱਖ ਤਿਲਕ ਲਾਉਂਦੇ ਸਨ ਅਤੇ ਸਤਿਗੁਰੂ ਜੀ ਆਪ ਵੀ ਕਈ ਵਾਰੀ ਤਿਲਕ ਲਾਉਂਦੇ ਸਨ। ਤਿਲਕ ਲਾਉਣ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ “ਰਾਮਦਾਸ ਸੋਢੀ ਤਿਲਕੁ ਦੀਆ”। ਭਾਈ ਗੁਰਦਾਸ ਜੀ ਅਨੁਸਾਰ: ਗੁਰੂ ਜੀ ਦੀ ਹਜੂਰੀ ਵਿਚ, ਸੰਗਤ ਵਿੱਚ ਬੈਠਣ ਵਾਲੇ ਸਿੱਖ ਤਿਲਕ ਲਾਉਂਦੇ ਸੀ “ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ”। ਇਸ ਕਰਕੇ, ਤਿਲਕ ਲਾਇਆਂ; ਕੋਈ ਸਿੱਖ ਤੋਂ ਹਿੰਦੂ ਨਹੀਂ ਬਣ ਜਾਂਦਾ।

ਉਨ੍ਹਾਂ ਕਿਹਾ ਕਿ ਜੋ ਸੱਜਣ ਇਹ ਕਹਿੰਦੇ ਹਨ ਕਿ ਕੇਸ ਰਹਿਤ (ਮੋਨੇ) ਜਾਂ ਅਤੇ ਤਿਲਕ ਲਾਉਣ ਵਾਲੇ ਲੋਕ “ਸਿੱਖ” ਨਹੀਂ ਹਨ; ਉਹ ਸੱਜਣ ਭੋਲੇ ਹਨ, ਜਾਂ ਸਿੱਖ ਪੰਥ ਵਿਰੋਧੀ ਹਨ। ਕਿਉਂਕਿ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਕਿਧਰੇ ਵੀ ਨਹੀਂ ਲਿਖਿਆ ਕਿ ਕੇਸ ਰਹਿਤ ਜਾਂ ਤਿਲਕ ਲਾਉਣ ਵਾਲਾ “ਸਿੱਖ” ਨਹੀਂ ਹੋ ਸਕਦਾ। ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ; ਭਾਵੇਂ ਉਹ ਮੋਨਾ ਹੈ, ਭਾਵੇਂ ਉਹ ਤਿਲਕ ਲਾਉਂਦਾ ਹੈ ਕਿਉਂਕਿ, ਸਿੱਖੀ ਤਾਂ ਸ਼ਰਧਾ ਨਾਲ ਹੈ ‘ਸਤਿਗੁਰ ਕੀ ਨਿਤ ਸਰਧਾ ਲਾਗੀ ਮੋਕਉ’। ਸਮੁੱਚੀ ਗੁਰਬਾਣੀ ਵਿੱਚ, ਕਿਤੇ ਵੀ ਸਿੱਖ ਦਾ ਕੋਈ ਵੀ ਬਾਹਰਲਾ ਸਰੂਪ ਅਤੇ ਪਹਿਰਾਵਾ ਨਿਰਧਾਰਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਚਿੰਨ੍ਹ ਜਾਂ ਪਹਿਰਾਵਾ ਧਾਰਨ ਕਰਨ ਤੋਂ ਮਨਾਹੀ ਕੀਤੀ ਗਈ ਹੈ। ਇਸ ਲਈ, ਹਰ ਮੋਨਾ ਹਿੰਦੂ ਨਹੀਂ; ਹਰ ਕੇਸਾਧਾਰੀ ਸਿੱਖ ਨਹੀਂ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles