/ Feb 05, 2025
Trending

ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਕਵਿੱਤਰੀ ਪਰਮਜੀਤ ਦਿਓਲ ਨਾਲ ਵਿਸ਼ੇਸ਼ ਮਿਲਣੀ

ਸਰੀ, 26 ਮਾਰਚ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬਰੈਂਪਟਨ ਤੋਂ ਆਈ ਪੰਜਾਬੀ ਸ਼ਾਇਰਾ ਪਰਮਜੀਤ ਦਿਓਲ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਮੰਚ ਵੱਲੋਂ ਪਰਮਜੀਤ ਦਿਓਲ ਦਾ ਸਵਾਗਤ ਕਰਦਿਆਂ ਮੰਚ ਦੇ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਪਰਮਜੀਤ ਦਿਓਲ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਆਪਣੀ ਕਲਾ ਦਾ ਇਜ਼ਹਾਰ ਕਰ ਰਹੀ ਹੈ। ਉਹ ਸੁੱਚੇ ਅਹਿਸਾਸਾਂ ਦੀ ਸ਼ਾਇਰਾ ਹੈ ਜੋ ਆਪਣੇ ਮਨ ਦੀਆਂ ਭੋਲੀਆਂ-ਭਾਲੀਆਂ ਸੰਵੇਦਨਾਵਾਂ ਨੂੰ ਕਵਿਤਾ, ਗੀਤ ਜਾਂ ਗ਼ਜ਼ਲ ਦੇ ਦਿਲਕਸ਼ ਲਿਬਾਸ ਪੇਸ਼ ਕਰਦੀ ਹੈ ਅਤੇ ਆਪਣੀ ਸ਼ਾਇਰੀ ਰਾਹੀਂ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ, ਤਲਖ਼ੀਆਂ ਨੂੰ ਦੂਰ ਕਰਕੇ ਮਨੁੱਖੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣਾ ਲੋਚਦੀ ਹੈ।

ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਪਰਮਜੀਤ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਸ ਦੀ ਕਵਿਤਾ ਵਿਚ ਯੁੱਗਾਂ ਤੋਂ ਸੰਤਾਪੀ ਸਰਾਪੀ ਨਾਰੀ ਦੇ ਸਰੋਕਾਰ, ਸੂਲਾਂ ਵਿੰਨ੍ਹੀਆਂ ਫੁਲਕਾਰੀਆਂ ਓੜ੍ਹ ਕੇ ਪਾਠਕਾਂ ਦੇ ਰੂਬਰੂ ਹੁੰਦੇ ਹਨ। ਉਸ ਦੀ ਸ਼ਾਇਰੀ ਨਾਰੀ ਦੀਆਂ ਨਿੱਤ ਕੁਚਲੀਆਂ ਜਾਂਦੀਆਂ ਰੀਝਾਂ ਤੇ ਖੁਰਦੇ ਸੁਪਨਿਆਂ ਦੇ ਸੰਸਾਰ ਦੀਆਂ ਪਰਤਾਂ ਬੜੀ ਸਹਿਜਤਾ ਨਾਲ ਖੋਹਲਦੀ ਹੈ। ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਨੇ ਪਰਮਜੀਤ ਦਿਓਲ ਨੂੰ ਖੁਸ਼ਆਮਦੀਦ ਕਹਿੰਦਿਆਂ ਆਖਿਆ ਕਿ ਪਰਮਜੀਤ ਦੀ ਸ਼ਾਇਰੀ ਰਾਹੀਂ ਸੱਚੇ-ਸੁੱਚੇ ਅਹਿਸਾਸ ਪ੍ਰਗਟ ਹੁੰਦੇ ਹਨ ਅਤੇ ਅੰਬਰਾਂ ਵਿੱਚ ਉਡਾਰੀਆਂ ਲਾਉਣ ਦੀ ਰੀਝ ਝਲਕਦੀ ਹੈ।

ਇਸ ਮੌਕੇ ਗ਼ਜ਼ਲ ਮੰਚ ਸਰੀ ਵੱਲੋਂ ਪਰਮਜੀਤ ਦਿਓਲ ਦਾ ਸਨਮਾਨ ਕੀਤਾ ਗਿਆ। ਪਰਮਜੀਤ ਦਿਓਲ ਨੇ ਇਸ ਮਾਣ ਸਨਮਾਨ ਲਈ ਮੰਚ ਦੇ ਸਾਰੇ ਸ਼ਾਇਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਹੁਸੀਨ ਪਲ ਹਨ ਜਦੋਂ ਮੈਂ ਪੰਜਾਬੀ ਦੇ ਮਾਣਮੱਤੇ ਗ਼ਜ਼ਲਗੋਆਂ ਦੇ ਰੂਬਰੂ ਹੋ ਰਹੀ ਹਾਂ। ਉਸ ਨੇ ਆਪਣੀ ਸ਼ਾਇਰੀ ਦੇ ਕੁਝ ਚੋਣਵੇਂ ਰੰਗਾਂ ਨਾਲ ਸ਼ਾਇਰਾਂ ਦੀ ਮਹਿਫ਼ਿਲ ਨੂੰ ਸ਼ਿੰਗਾਰਿਆ-

“ਕਦੇ ਸੀ ਜੋੜਿਆ ਖ਼ੁਦ ਨੂੰ ਕਦੇ ਸੀ ਤੋੜਿਆ ਮੈਂ

ਤੇ ਏਦਾਂ ਆਪਣਾ ਬੁੱਤ ਆਪ ਹੀ ਸੀ ਭੋਰਿਆ ਮੈਂ

ਖਿੜੇ ਇਕ ਫੁੱਲ ਚੰਮੇਲੀ ਦਾ ਤੇਰੇ ਵਿਹੜੇ ‘ਚ ਸੱਜਣਾ

ਕਦੇ ਕੁਝ ਏਸ ਤੋਂ ਵਧ ਕੇ ਨਹੀਂ ਹੈ ਲੋੜਿਆ ਮੈਂ”

“ਬੜਾ ਕੁਝ ਹੈ ਮਨਾਂ ਅੰਦਰ ਸਮਾਂ ਆਇਆ ਤਾਂ ਦੱਸਾਂਗੇ

ਹੈ ਕਿਸ ਨੇ ਖੋਭਿਆ ਖੰਜਰ ਸਮਾਂ ਆਇਆ ਤਾਂ ਦੱਸਾਂਗੇ

ਬਿਨਾਂ ਪਾਣੀ ਅਸਾਡੇ ਸਾਹਮਣੇ ਬਿਰਹਣ ਦੇ ਹੰਝੂਆਂ ਨਾਲ

ਹਰੇ ਹੋਏ ਕਿਵੇਂ ਬੰਜਰ ਸਮਾਂ ਆਇਆ ਤਾਂ ਦੱਸਾਂਗੇ”

“ਉਨ੍ਹਾਂ ਨੂੰ ਕਹੋ ਮਘਣ ਦੇਣ ਸਾਡੇ ਚੁੱਲ੍ਹੇ

ਬੁਝੇ ਚੁੱਲ੍ਹਿਆਂ ਦਾ ਸਰਾਪ

ਉਨ੍ਹਾਂ ਦੀ ਹਰ ਪੀੜ੍ਹੀ ਲਈ ਸਿਸਕੀਆਂ ਬਣ ਸਕਦੈ”

ਇਸ ਮਹਿਫ਼ਿਲ ਵਿਚ ਸ਼ਾਇਰ ਜਸਵਿੰਦਰ, ਦਵਿੰਦਰ ਗੌਤਮ, ਰਾਜਵੰਤ ਰਾਜ, ਕ੍ਰਿਸ਼ਨ ਭਨੋਟ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਆਪਣਾ ਖੂਬਸੂਰਤ ਕਲਾਮ ਪੇਸ਼ ਕੀਤਾ। ਇਸ ਮਿਲਣੀ ਵਿਚ ਮੰਚ ਦੇ ਸ਼ਾਇਰਾਂ ਤੋਂ ਇਲਾਵਾ ਸਾਹਿਤ ਅਤੇ ਸਭਿਅਚਾਰ ਨਾਲ ਗੂੜ੍ਹਾ ਸਬੰਧ ਰੱਖਣ ਵਾਲੀਆਂ ਕੁਝ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ ਜਿਨ੍ਹਾਂ ਵਿਚ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਆਏ ਪ੍ਰੋ. ਫਰੀਦ, ਭੁਪਿੰਦਰ ਮੱਲ੍ਹੀ, ਕਾਮਰੇਡ ਨਵਰੂਪ ਸਿੰਘ ਅਤੇ ਡਾ. ਸੁਖਵਿੰਦਰ ਵਿਰਕ ਸ਼ਾਮਲ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.