ਗ਼ਜ਼ਲ ਮੰਚ ਸਰੀ ਨੇ ਸਾਲ 2022 ਦੀ ਆਖਰੀ ਮੀਟਿੰਗ ‘ਤੇ ਸਜਾਈ ਸ਼ਾਇਰਾਨਾ ਮਹਿਫ਼ਿਲ

ਸਰੀ, 15 ਦਸੰਬਰ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਦੀ ਸਾਲ 2022 ਦੀ ਆਖਰੀ ਮੀਟਿੰਗ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਚ ਦੀਆਂ ਸਾਲ ਭਰ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੇ ਮੈਂਬਰਾਂ ਵੱਲੋਂ ਮੰਚ ਦੇ ਸਲਾਨਾ ਪ੍ਰੋਗਰਾਮ ਦੀ ਸਫਲਤਾ ਉਪਰ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਉਪਰੰਤ ਸ਼ਿਅਰੋ ਸ਼ਾਇਰੀ ਦਾ ਦੌਰ ਚੱਲਿਆ ਅਤੇ ਸਾਰੇ ਸ਼ਾਇਰਾਂ ਵੱਲੋਂ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਸ਼ਾਇਰਾਨਾ ਮਹਿਫ਼ਿਲ ਦਾ ਆਗਾਜ਼ ਪੰਜਾਬੀ ਅਤੇ ਉਰਦੂ ਦੇ ਸ਼ਾਇਰ ਦਸਮੇਸ਼ ਗਿੱਲ ਦੇ ਉਰਦੂ ਰੰਗ ਨਾਲ ਹੋਇਆ-

 “ਸੋਚੂੰ, ਮੈਂ ਜਬ ਭੀ ਦੇਖੂੰ ਤੇਰੀ ਉਦਾਸ ਆਂਖੇਂ

ਇਤਨੇ ਹੁਸੀਨ ਰੁਖ਼ ਪਰ ਇਤਨੀ ਉਦਾਸ ਆਂਖੇਂ

ਉਠੂੰ ਤੋ ਘੂਰਤੇ ਹੈਂ ਸੂਨੇ ਮਕਾਂ ਕੇ ਦੀਦੇ

ਲੇਟੂੰ ਤੋ ਚੁਭ ਰਹੀ ਹੈਂ ਛਤ ਕੀ ਉਦਾਸ ਆਂਖੇਂ”

ਫਿਰ ਸ਼ਾਇਰ ਕ੍ਰਿਸ਼ਨ ਭਨੋਟ ਆਪਣਾ ਉਸਤਾਦੀ ਰੰਗ ਲੈ ਕੇ ਹਾਜਰ ਹੋਏ-

ਜਣੇ ਖਣੇ ਨੇ ਕੀ ਭਲਾ ਕਿਸੇ ਦਾ ਕੱਦ ਮਾਪਣਾ

ਜਣਾ ਖਣਾ ਮੈਂ ਆਪ ਹਾਂ, ਜਣਾ ਖਣਾ ਹੀ ਆਪਣਾ

ਫੇਰ ਵਾਰੀ ਆਈ ਦਵਿੰਦਰ ਗੌਤਮ ਦੀ। ਵਕਤ ਦੀ ਗੱਲ ਕਰਦਾ ਹੋਇਆ ਉਹ ਕਹਿ ਰਿਹਾ ਸੀ-

ਕਦੋਂ ਕਿੰਨਾ ਕਿਵੇਂ ਹੋਇਆ ਕੋਈ ਬਰਬਾਦ ਏਥੇ

ਪਤਾ ਹੁੰਦਿਆਂ ਵੀ ਰਖਦਾ ਕੋਈ ਵਕਤ ਨਾ ਯਾਦ ਏਥੇ

ਹਰਦਮ ਮਾਨ ਆਪਣਾ ਸ਼ਿਕਵਾ ਲੇਖਕਾਂ ਦੇ ਨਾਮ ਕਰ ਰਿਹਾ ਸੀ-

“ਕਦੇ ਸ਼ਿਕਵਾ ਕੋਈ ਬਿਫਰੀ ਹਵਾ ਦੇ ਨਾਮ ਨਾ ਲਿਖਿਆ

ਸਮੇਂ ਦੇ ਪੰਨਿਆਂ ‘ਤੇ ਸੱਚ ਦਾ ਪੈਗ਼ਾਮ ਨਾ ਲਿਖਿਆ”

ਸ਼ਾਇਰ ਪ੍ਰੀਤ ਮਨਪ੍ਰੀਤ ਦੇ ਖ਼ਿਆਲ ਤਪਦੀਆਂ ਪੈੜਾ ਦੇ ਰੂਬਰੂ ਹੋ ਰਹੇ ਸਨ-

“ਕਿਤੇ ਪਹੁੰਚਣ ਲਈ ਜੋ ਰਾਹ ਫੜੇ ਸਨ, ਉਨ੍ਹਾਂ ਰਾਹਾਂ ਨੇ ਸਾਨੂੰ ਫੜ ਲਿਆ ਹੈ

ਚਲੋ ਹੁਣ ਤਪਦੀਆਂ ਪੈੜਾਂ ਨੂੰ ਮਿਲੀਏ, ਬਥੇਰਾ ਛਾਂ ‘ਚ ਬਹਿ ਕੇ ਸੜ ਲਿਆ ਹੈ”

ਗੁਰਮੀਤ ਸਿੱਧੂ ਨੇ ਆਪਣੇ ਭਾਵਪੂਰਤ ਸ਼ਿਅਰਾਂ ਨਾਲ ਮਹਿਫ਼ਿਲ ‘ਚ ਰੰਗ ਭਰਿਆ-

“ਵਿਛੋੜਾ ਪੈ ਗਿਆ ਤਾਂ ਅਫਸੋਸ ਕਾਹਦਾ, ਮਿਲਾਂਗੇ ਫਿਰ ਇਹ ਦਿਲ ਵਿਚ ਆਸ ਮਚਲੇ

ਵਰ੍ਹੇਗਾ ਮੇਘ ਇਕ ਦਿਨ ਮਾਰੂਥਲ ਤੇ, ਅਜੇ ਵੀ ਕਿਣਕਿਆਂ ਵਿਚ ਪਿਆਸ ਮਚਲੇ“

ਰਾਜਵੰਤ ਰਾਜ ਨੇ ਆਪਣੇ ਦਿਲਕਸ਼ ਅੰਦਾਜ਼ ਵਿਚ ਦਿਲ ਦੀਆਂ ਤਰੰਗਾਂ ਛੇੜ ਕੇ ਮਹਿਫ਼ਿਲ ਨੂੰ ਸਿਖਰ ਤੇ ਪੁਚਾਇਆ-

“ਅਵਾਰਾ ਖ਼ਾਬ ਮੁੜ ਮੁੜ ਕੇ ਸਹੇੜੇ ਜਾ ਰਹੇ ਨੇ

ਹਕੀਕਤ ਵਾਸਤੇ ਤਾਂ ਬਾਰ ਭੇੜੇ ਜਾ ਰਹੇ ਨੇ

ਗਲੀ ਵਿਚ ਫਿਰ ਦੁਬਾਰਾ ਛਣਕੀਆਂ ਓਹੀ ਪਜ਼ੇਬਾਂ

ਮੇਰੇ ਅਰਮਾਨ ਹੀ ਗਿਣ ਮਿਥ ਕੇ ਛੇੜੇ ਜਾ ਰਹੇ ਨੇ”

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles