ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਗਿਆਨੀ ਗੁਰਦਿੱਤ ਸਿੰਘ ਦਾ ਸ਼ਤਾਬਦੀ ਜਨਮ ਦਿਨ ਮਨਾਇਆ

ਜੈਤੇਗ ਸਿੰਘ ਅਨੰਤ ਗਿਆਨੀ ਗੁਰਦਿੱਤ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ

ਸਰੀ,1 ਮਾਰਚ (ਹਰਦਮ ਮਾਨ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਬਹੁ-ਪੱਖੀ ਤੇ ਬਹੁਰੰਗੀ ਸਖਸ਼ੀਅਤ ਦੇ ਮਾਲਕ ਗਿਆਨੀ ਗੁਰਦਿੱਤ ਸਿੰਘ ਦਾ ਸ਼ਤਾਬਦੀ ਜਨਮ ਦਿਨ ਸਮਾਰੋਹ ਬੜੀ ਸਜਧਜ ਨਾਲ ਮਨਾਇਆ ਗਿਆ। ਸਖਤ ਬਰਫਬਾਰੀ ਹੋ ਜਾਣ ਦੇ ਬਾਵਜੂਦ ਸਿੱਖ ਸੰਗਤ ਤੇ ਬੁਲਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਾਗਮ ਵਿਚ ਸ਼ਿਰਕਤ ਕੀਤੀ। ਦਰਸ਼ਕਾਂ ਤੇ ਸੰਗਤ ਦੀ ਸਹੂਲਤ ਲਈ ਲਾਈਵ ਟੈਲੀਕਾਸਟ ਵੀ ਕੀਤਾ ਗਿਆ। ਸਵੇਰ ਤੋਂ ਚੱਲ ਰਹੇ ਪ੍ਰੋਗਰਾਮ ਅਨੁਸਾਰ ਭਾਈ ਪਾਲ ਸਿੰਘ ਪਾਰਸ, ਭਾਈ ਗੁਰਵਿੰਦਰ ਸਿੰਘ ਦਿੱਲੀਵਾਲੇ ਤੇ ਭਾਈ ਇਕਬਾਲ ਸਿੰਘ ਲੁਧਿਆਣਾ ਵਾਲੇ ਰਾਗੀ ਜੱਥਿਆਂ ਨੇ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਨਿਰਧਾਰਤ ਸਮੇਂ ਅਨੁਸਾਰ ਸ਼ਤਾਬਦੀ ਸਮਾਰੋਹ ਦਾ ਅਰੰਭ ਕਰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਮੂਹ ਸੰਗਤ ਦਾ ਸਵਾਗਤ ਕੀਤਾ ਅਤੇ ਬਹੁਪੱਖੀ ਸ਼ਖ਼ਸੀਅਤ ਗਿਆਨੀ ਗੁਰਦਿੱਤ ਸਿੰਘ ਦਾ ਸ਼ਤਾਬਦੀ ਸਮਾਗਮ ਮਨਾਉਣ ਦੀ ਖੁਸ਼ੀ ਸਾਂਝੀ ਕੀਤੀ।

ਜੈਤੇਗ ਸਿੰਘ ਅਨੰਤ ਗਿਆਨੀ ਗੁਰਦਿੱਤ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ

ਪ੍ਰੋਗਰਾਮ ਦੇ ਸ਼ੁਰੂ ਵਿਚ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਨਾਲ ਸੰਬੰਧਤ ਸਲਾਈਡ ਸ਼ੋਅ ਵੱਡੀ ਟੀ.ਵੀ. ਸਕਰੀਨ ਤੇ ਦਿਖਾਇਆ ਗਿਆ ਜਿਸ ਰਾਹੀਂ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਫੋਟੋਆਂ ਦੇ ਰੂਪ ਵਿਚ ਦ੍ਰਿਸ਼ਟਮਾਨ ਤੇ ਲਿਖਤੀ ਬਿਆਨ ਕਰਦੀ ਸੀ। ਇਹ ਸਲਾਈਡ ਸ਼ੋਅ ਗਿਆਨੀ ਜੀ ਦੇ ਸਪੁੱਤਰ ਰੂਪਿੰਦਰ ਸਿੰਘ ਦੇ ਸਹਿਯੋਗ ਨਾਲ ਚੰਡੀਗੜ੍ਹ ਤੋਂ ਪ੍ਰਾਪਤ ਕੀਤਾ ਗਿਆ ਸੀ ਜਿਸ ਵਿਚ ਸੰਗੀਤ ਰਵੀਕਾਂਤ ਸ਼ਰਮਾ ਦਾ ਸੀ।

ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਮੰਚ ਸੰਭਾਲਦਿਆਂ ਦੱਸਿਆ ਕਿ ਵਿਰਸੇ ਵਿਰਾਸਤ ਨੂੰ ਯਾਦ ਕਰਨ ਦਾ ਕਾਰਜ ਸੁਸਾਇਟੀ ਵੱਲੋਂ ਤਿੰਨ ਕੁ ਸਾਲਾਂ ਤੋਂ ਡਾ.ਹਰਭਜਨ ਸਿੰਘ ਤੇ ਭਾਈ ਰਾਮ ਸਿੰਘ ਆਰਕੀਟੈਕਟ ਦੇ ਜੀਵਨ ਕਾਰਜਾਂ ਨਾਲ ਸ਼ੁਰੂ ਕੀਤਾ ਗਿਆ ਸੀ। ਉਸੇ ਲੜੀ ਅਧੀਨ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਕਾਲ ਉੱਤੇ ਪੰਛੀ ਝਾਤ ਮਾਰਦੇ ਹੋਏ ਕਿਹਾ ਕਿ ਉਹ ਆਪਣੇ ਸਮੇਂ ਦੇ ਪੱਤਰਕਾਰ, ਜੀਵਨੀਕਾਰ, ਵਿਆਖਿਆਕਾਰ, ਖੋਜੀ, ਸੰਪਾਦਕ ਤੇ ਵਾਰਤਿਕ ਲੇਖਕ ਹੋਣ ਦੇ ਨਾਲ ਨਾਲ ਇਕ ਉੱਘੀ ਧਾਰਮਿਕ ਤੇ ਸਿਆਸੀ ਸ਼ਖ਼ਸੀਅਤ ਸਨ। ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ‘ਪ੍ਰਕਾਸ਼’ ‘ਜੀਵਨ ਸੰਦੇਸ਼’ ਤੇ ‘ਸਿੰਘ ਸਭਾ ਪੱਤਰਿਕਾ’ ਦੀ ਸੰਪਾਦਨਾ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਅਤੇ ਉੱਘੇ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਗਿਆਨੀ ਗੁਰਦਿੱਤ ਸਿੰਘ ਨਾਲ ਬਿਤਾਏ ਪਲਾਂ ਤੇ ਯਾਦਾਂ ਨੂੰ ਸ੍ਰੋਤਿਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਮਿੱਠ ਬੋਲੜੇ ਸਨ ਅਤੇ ਆਪਣੇ ਤੋਂ ਬਹੁਤ ਛੋਟੀ ਉਮਰ ਵਾਲੇ ਨੂੰ ਵੀ ਉਹ “ਜੀ” ਕਹਿ ਕੇ ਬੁਲਾਇਆ ਕਰਦੇ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਮਾਂ ਬੋਲੀ ਪੰਜਾਬੀ, ਸਾਹਿਤਕ, ਵਾਰਤਿਕ, ਵਿਆਖਿਆ, ਸਮਾਜਿਕ, ਧਾਰਮਿਕ ਤੇ ਪੰਥਕ ਸੇਵਾਵਾਂ ਦੇ ਲੇਖੇ ਲਾਇਆ ਅਤੇ ਸਾਰੀ ਉਮਰ ਕੋਈ ਨੌਕਰੀ ਨਹੀਂ ਕੀਤੀ।

ਉਨ੍ਹਾਂ ਸਿੰਘ ਸਭਾ ਸ਼ਤਾਬਦੀ ਕਮੇਟੀ ਲਈ 1973 ਵਿਚ ਸਕੱਤਰ ਵਜੋਂ ਸੇਵਾ ਨਿਭਾਈ ਤੇ 1999 ਵਿਚ ਖਾਲਸੇ ਦੀ ਤੀਜੀ ਸ਼ਤਾਬਦੀ ਸਮੇਂ 50 ਦੇ ਕਰੀਬ ਪੇਪਰਾਂ ਲਈ ਥੀਸਿਜ਼ ਲਿਖੇ। ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਮਿਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਤ ਬਾਣੀ ਭਾਗ’ ਲਿਖਤਾਂ ਲਈ ਉਨ੍ਹਾਂ ਨੂੰ “ਗੁਰਮਤਿ ਆਚਾਰੀਆ” ਦੀ ਉਪਾਧੀ ਨਾਲ ਸਤਿਕਾਰਿਆ ਗਿਆ। ਉਨ੍ਹਾਂ ਦੀ ਲਿਖਤ ‘ਮੇਰਾ ਪਿੰਡ’ ਤੇ ‘ਤਿੱਥ ਤਿਉਹਾਰ’ ਨੂੰ ਯੂਨੈਸਕੋ ਵੱਲੋਂ ਮਾਣ ਸਨਮਾਨ ਮਿਲਿਆ।

ਵਰਲਡ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨ ਤੇ ਗੁਰੂ ਨਾਨਕ ਇੰਸਟੀਚੀਊਟ ਆਫ ਗਲੋਬਲ ਸਟੱਡੀਜ਼ ਦੇ ਫਾਊਂਡਰ ਗਿਆਨ ਸਿੰਘ ਸੰਧੂ ਨੇ ਗਿਆਨੀ ਜੀ ਦੇ ਜੀਵਨ ਤੋਂ ਮਿਲੀ ਪ੍ਰੇਰਨਾ ਤੋਂ ਆਪਾ ਪੜਚੋਲਣ ਦੀ ਯਾਦ ਦੁਆਈ ਤੇ ਆਪਣੇ ਆਪ ਨੂੰ ਜਨਜੀਵਨ ਲਈ ਉਤਸ਼ਾਹਤ ਕਰਨ ਲਈ ਪ੍ਰੇਰਿਆ। ਸਿੱਖ ਨੈਸ਼ਨਲ ਆਰਕਾਈਵਜ਼ ਦੇ ਕਿਊਰੇਟਰ ਅਜੀਤ ਸਿੰਘ ਸਹੋਤਾ ਨੇ ਵੀ ਗਿਅਨੀ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਇਆਂ ਵਿਰਸੇ ਵਿਰਾਸਤ ਦੀ ਸਾਂਭ ਸੰਭਾਲ ਬਾਰੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਰੌਸ਼ਨੀ ਪਾਈ।

ਇਸ ਮੌਕੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸਰਪ੍ਰਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇਕ ਮਤਾ ਸੰਗਤ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਗਈ ਕਿ ਗਿਆਨੀ ਜੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਇਆਂ ਉਨ੍ਹਾਂ ਦੀ ਤਸਵੀਰ (ਪੋਰਟਰੇਟ) ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਸਜਾਈ ਜਾਵੇ। ਇਸ ਮਤੇ ਦੀ ਤਾਈਦ ਕਰਦਿਆਂ ਸੁਸਾਇਟੀ ਦੇ ਫਾਊਂਡਰ ਪ੍ਰਧਾਨ ਮੋਤਾ ਸਿੰਘ ਝੀਤਾ ਨੇ ਗਿਆਨੀ ਜੀ ਦੇ ਸ਼ਤਾਬਦੀ ਜਨਮ ਦੀ ਵਧਾਹੀ ਦਿੰਦੇ ਹੋਏ ਸਮਾਜ ਸੇਵਾ ਅਪਨਾਉਣ ਦੀ ਅਪੀਲ ਕੀਤੀ।

ਸਮਾਗਮ ਦੇ ਮੁੱਖ ਬੁਲਾਰੇ ਜੈਤੇਗ ਸਿੰਘ ਅਨੰਤ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗਿਆਨੀ ਗੁਰਦਿੱਤ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਅਜੀਤ ਸਿੰਘ ਸਹੋਤਾ, ਗਿਆਨ ਸਿੰਘ ਸੰਧੂ, ਪ੍ਰਿਤਪਾਲ ਸਿੰਘ ਮਹਿਤਾ, ਸੰਦੀਪ ਸਿੰਘ, ਜਰਨੈਲ ਸਿੰਘ ਸਿੱਧੂ ਤੇ ਰਵੀ ਕਾਂਤ ਸ਼ਰਮਾ ਨੂੰ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਸਿਰੋਪੇ ਦਿੱਤੇ ਗਏ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਇਸ ਸਮਾਗਮ ਨੂੰ ਸਫਲ ਕਰਨ ਵਿਚ ਸਾਰੇ ਬੁਲਾਰਿਆਂ ਤੇ ਸੰਗਤ ਦਾ ਸੁਸਾਇਟੀ ਵੱਲੋਂ ਧੰਨਵਾਦ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles