ਕੈਨੇਡਾ: ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਦੇ ਚਿਹਰਿਆਂ ‘ਤੇ ਝਲਕ ਰਿਹਾ ਸੀ ਵੱਖਰਾ ਜਲੌਅ

ਸਰੀ, 23 ਅਪ੍ਰੈਲ (ਹਰਦਮ ਮਾਨ)- ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਤਿੰਨ ਸਾਲਾਂ ਦੇ ਵਕਫ਼ੇ ਬਾਅਦ ਸਜੇ ਇਸ ਧਾਰਮਿਕ ਇਕੱਠ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਹਰ ਇਕ ਚਿਹਰੇ ‘ਤੇ ਇਕ ਵੱਖਰਾ ਜਲੌਅ ਝਲਕ ਰਿਹਾ ਸੀ।

ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਸ਼ਾਮ 4 ਵਜੇ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ। ਸਰੀ ਦੇ ਵੱਖ ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸਿੰਘ ਗੱਤਕੇ ਦੇ ਜ਼ੋਹਰ ਦਿਖਾ ਰਹੇ ਸਨ। ਇਸ ਨਗਰ ਕੀਰਤਨ ਵਿਚ ਪਹਿਲੀ ਵਾਰ ਦੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਹੱਥਾਂ ਵਿਚ ਫੜ੍ਹੇ ਕੇਸਰੀ ਝੰਡੇ ਉਪਰ ਖਾਲਿਸਤਾਨ ਉਕਰਿਆ ਹੋਇਆ ਸੀ। ਨਗਰ ਕੀਰਤਨ ਦੇ ਪੂਰੇ ਰੂਟ ਉਪਰ ਕਾਰੋਬਾਰੀਆਂ, ਸ਼ਰਧਾਲੂਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ ਅਤੇ ਲੋਕ ਇਨ੍ਹਾਂ ਖਾਣਿਆਂ ਦਾ ਸਵਾਦ ਮਾਣ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ ਜਿੱਥੋਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ। ਇਕ ਪਾਸੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ, ਮੈਗਜ਼ੀਨ, ਅਖਬਾਰ, ਪੈਂਫਲਿਟ ਵੰਡੇ ਜਾ ਰਹੇ ਸਨ।

ਨਗਰ ਕੀਰਤਨ ਵਿਚ ਪਹਿਲੀ ਵਾਰ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ ਗਿਆ। ਸੈਂਕੜੇ ਪੁਸਤਕ ਪ੍ਰੇਮੀਆਂ ਨੇ ਇੱਥੋਂ ਕਿਤਾਬਾਂ ਖਰੀਦ ਕੇ ਸਤੀਸ਼ ਗੁਲਾਟੀ ਦੇ ਉਪਰਾਲੇ ਨੂੰ ਹੁੰਗਾਰਾ ਦਿੱਤਾ। ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਚਿੱਤਰਕਾਰ ਜਰਨੈਲ ਸਿੰਘ, ਜਰਨਲਿਸਟ ਸੁਰਿੰਦਰ ਚਾਹਲ, ਸ਼ਾਇਰ ਹਰਦਮ ਮਾਨ, ਅੰਗਰੇਜ਼ ਬਰਾੜ, ਨਵਰੂਪ ਸਿੰਘ, ਡਾ. ਸੁਖਵਿੰਦਰ ਵਿਰਕ, ਡਾ. ਸਈਅਦ ਮੁਹੰਮਦ ਫਰੀਦ, ਰਾਜਿੰਦਰ ਸਿੰਘ ਪੰਧੇਰ, ਹਰਮਨ ਸਿੰਘ ਪੰਧੇਰ ਅਤੇ ਹੋਰ ਕਈ ਸਾਹਿਤਕ ਸ਼ਖ਼ਸੀਅਤਾਂ ਨੇ ਪੁਸਤਕ ਪ੍ਰਦਰਸ਼ਨੀ ਵਿਚ ਹਾਜਰ ਹੋ ਕੇ ਸਤੀਸ਼ ਗੁਲਾਟੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।

ਨਗਰ ਕੀਤਰਨ ਦੇ ਪ੍ਰਬੰਧਕਾਂ, ਸੇਵਾਦਾਰਾਂ, ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles