ਕੈਨੇਡਾ: ਈ-ਵੀਜ਼ਾ ਅਤੇ 10 ਸਾਲ ਦਾ ਵੀਜ਼ਾ ਬਹਾਲ ਕੀਤਾ ਜਾਵੇ- 23 ਗੁਰਦੁਆਰਾ ਸੁਸਾਇਟੀਆਂ ਵੱਲੋਂ ਭਾਰਤ ਸਰਕਾਰ ਨੂੰ ਅਪੀਲ

ਵੈਨਕੂਵਰ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚਕਾਰ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਮੰਗ

ਸਰੀ, 16 ਦਸੰਬਰ (ਹਰਦਮ ਮਾਨ)- ਬ੍ਰਿਟਿਸ਼ ਕੋਲੰਬੀਆ ਦੀਆਂ 23 ਗੁਰਦੁਆਰਾ ਸੁਸਾਇਟੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਈ-ਵੀਜ਼ਾ ਅਤੇ 10 ਸਾਲ ਦੇ ਵੀਜ਼ੇ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਿਚਕਾਰ ਉਡਾਣਾਂ ਸ਼ੁਰੂ ਕੀਤੀਆਂ ਜਾਣ।

ਗੁਰਦੁਆਰਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ 28 ਨਵੰਬਰ ਨੂੰ ਵੈਨਕੂਵਰ ਵਿੱਚ ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼ ਨਾਲ ਮੁਲਾਕਾਤ ਕੀਤੀ ਸੀ ਅਤੇ ਮਲਕੀਅਤ ਸਿੰਘ ਧਾਮੀ (ਪ੍ਰਧਾਨ, ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ) ਰਾਹੀਂ ਇਕ ਪੱਤਰ 30 ਨਵੰਬਰ ਨੂੰ ਭੇਜਿਆ ਗਿਆ ਸੀ ਜੋ ਉਨ੍ਹਾਂ ਨੇ ਇਸ ਹਫ਼ਤੇ ਮੀਡੀਆ ਨੂੰ ਜਾਰੀ ਕੀਤਾ ਹੈ।

23 ਗੁਰਦੁਆਰਾ ਸੁਸਾਇਟੀਆਂ ਨੇ ਆਪਣੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਈ-ਵੀਜ਼ਾ ਅਤੇ ਦਸ ਸਾਲ ਦੇ ਵੀਜ਼ੇ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਲੋਕ ਲੰਬੀ ਉਡੀਕ, ਨਿਰਾਸ਼ਾ ਅਤੇ ਸੰਬੰਧਿਤ ਸਮੱਸਿਆਵਾਂ ਤੋ ਬਚ ਸਕਣ। ਇਸ ਪੱਤਰ ਰਾਹੀਂ ਭਾਰਤੀ ਕੌਂਸਲੇਟ ਜਨਰਲ ਅਤੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਕੈਨੇਡਾ ਵਿੱਚ ਜਨਤਕ ਸੇਵਾ ਵਿੱਚ ਲੱਗੇ ਲੋਕਾਂ ਦੀ ਫਾਰਮ ਏ ਦੀ ਲੋੜ ਨੂੰ ਖਤਮ ਕੀਤਾ ਜਾਵੇ। ਇਹ ਵਾਧੂ ਲੋੜ ਬਸ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਲਮਕਾਉਂਦੀ ਹੈ। ਇਹ ਵੀ ਮੰਗ ਕੀਤੀ ਗਈ ਹੇ ਕਿ BLS  (ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ) ਵਿਚ ਸਟਾਫ ਦੀ ਗਿਣਤੀ ਵਧਾਉਣ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਨੂੰ ਘਟਾਇਆ ਜਾ ਸਕੇ।

ਇਨ੍ਹਾਂ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਕੌਂਸਲੇਟ ਜਨਰਲ ਅਤੇ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਯਾਤਰੀਆਂ ਲਈ ਉਪਲਬਧ ਏਅਰਲਾਈਨਾਂ ਨੂੰ ਵੈਨਕੂਵਰ ਤੋਂ ਅੰਮ੍ਰਿਤਸਰ ਅਤੇ/ਜਾਂ ਚੰਡੀਗੜ੍ਹ ਵਿਚਕਾਰ ਜਿੰਨੀ ਜਲਦੀ ਹੋ ਸਕੇ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਲਈ ਕਿਹਾ ਜਾਵੇ।

ਇਸ ਪੱਤਰ ਲਿਖਣ ਵਾਲੀਆਂ ਗੁਰਦੁਆਰਾ ਸੁਸਾਇਟੀਆਂ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਅਕਾਲੀ ਸਿੰਘ ਸਿੱਖ ਸੁਸਾਇਟੀ (ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ,  ਗੁਰਦੁਆਰਾ ਸਾਹਿਬ ਬਰੁਕਸਾਈਡ (ਸਰੀ),  ਸ੍ਰੀ ਗੁਰੂ ਰਵਿਦਾਸ ਸਭਾ (ਬਰਨਬੀ), ਗੁਰਦੁਆਰਾ ਨਾਨਕ ਨਿਵਾਸ (ਰਿਚਮੰਡ),  ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ (ਸਰੀ), ਬੀਅਰ ਕਰੀਕ ਹਾਲ ਗੁਰਦੁਆਰਾ (ਸਰੀ); ਗੁਰੂ ਗੋਬਿੰਦ ਸਿੰਘ ਮੰਦਿਰ (ਪ੍ਰਿੰਸ ਜਾਰਜ); ਗੁਰੂ ਨਾਨਕ ਸਿੱਖ ਟੈਂਪਲ (ਵਿਲੀਅਮਜ਼ ਲੇਕ), ਕੈਰੀਬੂ ਗੁਰਸਿੱਖ ਮੰਦਿਰ (ਕੁਏਸਨੇਲ), ਵੈਨਕੂਵਰ ਆਈਲੈਂਡ ਸਿੱਖ ਕਲਚਰਲ ਸੁਸਾਇਟੀ (ਡੰਕਨ), ਓਕਾਨਾਗਨ ਸਿੱਖ ਟੈਂਪਲ (ਕੇਲੋਨਾ), ਮਿਸ਼ਨ ਸਿੱਖ ਟੈਂਪਲ (ਮਿਸ਼ਨ), ਗੁਰਦੁਆਰਾ ਸਾਹਿਬ-ਮੀਰੀ-ਪੀਰੀ ਖਾਲਸਾ ਦਰਬਾਰ (ਛੱਤ), ਖਾਲਸਾ ਦੀਵਾਨ ਸੁਸਾਇਟੀ ਸਿੱਖ ਟੈਂਪਲ (ਵਿਕਟੋਰੀਆ), ਖਾਲਸਾ ਦੀਵਾਨ ਸੋਸਾਇਟੀ ਨੈਨਈਮੋ,  ਗੁਰੂ ਨਾਨਕ ਸਿੱਖ ਸੁਸਾਇਟੀ (ਕੈਂਬਲ ਰਿਵਰ), ਸਿੱਖ ਟੈਂਪਲ (ਸੁਕਾਮਿਸ਼); ਸਿੱਖ ਕਲਚਰਲ ਸੁਸਾਇਟੀ (ਕੈਮਲੂਪਸ), ਮੈਰਿਟ ਸਿੱਖ ਟੈਂਪਲ (ਮੈਰਿਟ), ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ (ਪੋਰਟ ਅਲਬਰਨੀ) ਅਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ (ਸਰੀ) ਸ਼ਾਮਲ ਹਨ।

ਹਰਦਮ ਮਾ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles