ਐਸ.ਐਫ.ਯੂ. ਦੇ ਬਰਨਬੀ ਕੈਂਪਸ ਵਿਚ ਸਥਾਪਿਤ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ

ਸਰੀ, 29 ਮਾਰਚ (ਹਰਦਮ ਮਾਨ)-ਸੋਮਵਾਰ ਰਾਤ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਵੈਨਕੂਵਰ ਦੇ ਬਰਨਬੀ ਕੈਂਪਸ ਵਿੱਚ ਸਥਾਪਿਤ ਮਹਾਤਮਾ ਗਾਂਧੀ ਦੇ ਕਾਂਸੀ ਦੇ ਬੁੱਤ ਨਾਲ ਛੇੜਛਾੜ ਕਰਕੇ ਕਿਸੇ ਨੇ ਬੁੱਤ ਉੱਪਰੋਂ ਸਿਰ ਵੱਖ ਕਰ ਦਿੱਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਨਬੀ ਆਰਸੀਐਮਪੀ ਦੇ ਕਾਰਪੋਰਲ ਮਾਈਕ ਕਲੰਜ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਰਾਤ 8:30 ਵਜੇ ਦੇ ਕਰੀਬ ਪੁਲਿਸ ਨੂੰ ਬੁਲਾਇਆ ਗਿਆ ਸੀ ਅਤੇ ਪੁਲਿਸ ਨੇ ਜਾ ਕੇ ਦੇਖਿਆ ਕਿ ਕਿਸੇ ਨੇ ਐਸਐਫਯੂ ਦੇ ਪੀਸ ਸਕੁਆਇਰ ਵਿੱਚ ਜਾਣਬੁੱਝ ਕੇ ਭੰਨਤੋੜ ਦੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗਵਾਹਾਂ ਅਤੇ ਨਿਗਰਾਨੀ ਵੀਡੀਓ ਦੀ ਭਾਲ ਕੀਤੀ ਜਾ ਰਹੀ ਹੈ।

ਮਾਈਕ ਕਲੰਜ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਭੰਨ-ਤੋੜ ਕਦੋਂ ਹੋਈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਕਿਸੇ ਪਾਵਰ ਟੂਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਰਨਬੀ ਆਰਸੀਐਮਪੀ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਕੈਨੇਡਾ ਦੇ ਹੋਰਨਾਂ ਖੇਤਰਾਂ ਵਿੱਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪੁਲਿਸ ਇਸ ਘਟਨਾ ਦੇ ਸਾਰੇ ਪਹਿਲੂਆਂ ਨੂੰ ਦੇਖ ਰਹੀ ਹੈ।

ਇਸੇ ਦੌਰਾਨ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਸੋਮਵਾਰ ਨੂੰ ਐਸਐਫਯੂ ਦੇ ਬਰਨਬੀ ਕੈਂਪਸ ਵਿੱਚ ਮਹਾਤਮਾ ਗਾਂਧੀ ਦੀ ਯਾਦਗਾਰ ਦੀ ਮੂਰਤੀ ਦੀਆਂ ਭੰਨਤੋੜ ਦੀਆਂ ਰਿਪੋਰਟਾਂ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਕੌਂਸਲੇਟ ਜਨਰਲ ਨੇ ਇਕ ਟਵੀਟ ਰਾਹੀਂ ਕਿਹਾ ਹੈ ਕਿ ਸ਼ਾਂਤੀ ਦੇ ਹਾਮੀ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਦੇ ਘਿਨਾਉਣੇ ਅਪਰਾਧ ਦੀ ਸਖ਼ਤ ਨਿੰਦਿਆ ਕੀਤੀ ਹੈ। ਉਨ੍ਹਾਂ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles