/ Feb 08, 2025
Trending
ਸਰੀ, 25 ਦਸੰਬਰ (ਹਰਦਮ ਮਾਨ)-ਸਰੀ ਦੀ ਪ੍ਰਸਿੱਧ ਕੰਪਨੀ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਵੱਲੋਂ ਹਰ ਸਾਲ ਵਾਂਗ ਕ੍ਰਿਸਮਿਸ ਮਨਾਉਂਦਿਆਂ ਬੀਤੀ ਸ਼ਾਮ ਧਾਲੀਵਾਲ ਬੈਂਕੁਇਟ ਹਾਲ ਵਿਚ ਪੰਜਾਬੀ ਗਾਇਕੀ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਵੱਖ ਵੱਖ ਰੰਗਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਪ੍ਰੋਗਰਾਮ ਦੇ ਆਗਾਜ਼ ਵਿਚ ਉੱਘੇ ਮੰਚ ਸੰਚਾਲਕ ਲੱਖਾ ਸਿੱਧਵਾਂ ਨੇ ਪਾਰਟੀ ਵਿਚ ਸ਼ਾਮਲ ਹੋਏ ਸਭਨਾਂ ਪਤਵੰਤਿਆਂ ਨੂੰ ਏ-ਸਟਾਰ ਕੰਪਨੀ ਵੱਲੋਂ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦੀ ਰੂਪਰੇਖਾ ਦਸਦਿਆਂ ਸਾਰੇ ਗਾਇਕ ਕਲਾਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਗਾਇਕੀ ਦੀ ਸ਼ੁਰੂਆਤ ਸਾਹਬੀ ਸਿੱਧੂ ਨੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕੀਤੀ ਅਤੇ ਫਿਰ ‘ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ’ ਅਤੇ ਹੋਰ ਗੀਤ ਪੇਸ਼ ਕੀਤੇ। ਫਿਰ ਜਸਟਿਨ ਢੇਸੀ ਨੇ ਟਰੱਕ ਡਰਾਈਵਰਾਂ ਦੀ ਵਿਆਹੁਤਾ ਜ਼ਿੰਦਗੀ ਦਾ ਗੀਤ ‘ਕਾਹਨੂੰ ਲੰਮੀਆਂ ਵਾਟਾਂ ਦੇ ਲੋਡ ਚੱਕਦੈਂ, ਮੈਂ ਤਾਂ ਹੋਈ ਫਿਰਾਂ ਅੱਪਸੈਂਟ ਵੇ’ ਪੇਸ਼ ਕੀਤਾ। ਫਿਰ ਵਾਰੀ ਆਈ ਨੌਜਵਾਨ ਗਾਇਕ ਦੀਪਾ ਔਜਲਾ ਦੀ ਅਤੇ ਉਸ ਨੇ ਲਗਾਤਾਰ ਤਿੰਨ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਵਿਦੇਸ਼ਾਂ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਮੱਲਾਂ ਬਾਰੇ ਉਹ ਕਹਿ ਰਿਹਾ ਸੀ-‘ਗੋਰਿਆਂ ਦੀ ਧਰਤੀ ਤੇ ਗੱਭਰੂ ਪੰਜਾਬ ਵਾਂਗ ਮੌਜਾਂ ਮਾਣਦੇ’। ਸੋਹਣ ਸ਼ੰਕਰ ਆਪਣੀ ਸੁਰੀਲੀ ਆਵਾਜ਼ ਵਿਚ ਮਿਹਨਤਕਸ਼ ਪੰਜਾਬੀਆਂ ਦੀ ਗੱਲ ਕਰ ਰਿਹਾ ਸੀ ‘ਬਿਪਤਾ ਨਾਲ ਲਈਆਂ ਸਰਦਾਰੀਆਂ ਐਵੇਂ ਨੀਂ ਮੱਲਾਂ ਮਾਰੀਆਂ’।
ਗਾਇਕ ਕਲਾਕਾਰ ਇੰਦੀ ਸੰਘੇੜਾ ਅਤੇ ਦੀਪਿਕਾ ਦੀ ਜੋੜੀ ਨੇ ਆਪਣੇ ਦੋਗਾਣਿਆਂ ਨਾਲ ਸਮੁੱਚੇ ਮਾਹੌਲ ਦਾ ਰੰਗ ਬਦਲ ਦਿੱਤਾ। ਇਸ ਜੋੜੀ ਨੇ ਅਮਰ ਚਮਕੀਲਾ ਤੇ ਅਮਰਜੋਤ, ਦੀਦਾਰ ਸੰਧੂ ਤੇ ਅਮਰ ਨੂਰੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਚੋਣਵੇਂ ਦੋਗਾਣਿਆਂ ਦੀ ਪੇਸ਼ਕਾਰੀ ਨਾਲ ਭੰਗੜਾ ਪਾਉਣ ਦੇ ਸ਼ੌਕੀਨਾਂ ਨੂੰ ਹੁਲਾਰਾ ਦਿੱਤਾ ਅਤੇ ਦੋ ਸ਼ਿਫਟਾਂ ਰਾਹੀਂ ਆਪਣੀ ਅਦਾ ਨਾਲ ਕ੍ਰਿਸਮਿਸ ਪਾਰਟੀ ਨੂੰ ਆਪਣੇ ਨਾਮ ਕਰ ਲਿਆ। ਦੀਪਿਕਾ ਨੇ ‘ਗੁੱਡੀ ਵਾਗੂੰ ਅੱਜ ਮੈਨੂੱ ਸੱਜਣਾ ਉਡਾਈ ਜਾ ਉਡਾਈ ਜਾ’ ਗੀਤ ਨਾਲ ਜਗਮੋਹਨ ਕੌਰ ਦੀ ਯਾਦ ਨੂੰ ਸਰੋਤਿਆਂ ਦੇ ਮਨਾਂ ਵਿਚ ਤਾਜ਼ਾ ਕੀਤਾ। ਗਾਇਕ ਰਣਜੀਤ ਬਾਠ ਨੇ ਆਪਣੀ ਦਮਦਾਰ ਆਵਾਜ਼ ਵਿਚ ਕੁਝ ਗੀਤਾਂ ਨਾਲ ਧੁੰਮਾਂ ਪਾਈਆਂ।
ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਲੱਖਾ ਸਿੱਧਵਾਂ ਨੇ ਆਪਣੇ ਸ਼ਿਅਰਾਂ ਨਾਲ ਕਲਾਕਾਰਾਂ ਅਤੇ ਸਰੋਤਿਆਂ ਵਿਚ ਇਕਸੁਰਤਾ ਬਣਾਈ ਰੱਖਣ ਦਾ ਕਾਰਜ ਬਾਖੂਬੀ ਨਿਭਾਇਆ। ਅੰਤ ਵਿਚ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਦੇ ਮਾਲਕ ਮਨਧੀਰ ਸਿੰਘ ਉੱਪਲ ਅਤੇ ਬਲਜੀਤ ਸਿੰਘ ਗਰੇਵਾਲ ਨੇ ਸਾਰੇ ਗਾਇਕਾਂ, ਸਾਜ਼ਿੰਦਿਆਂ ਅਤੇ ਪ੍ਰੋਗਰਾਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਹੋਰਨਾ ਤੋਂ ਇਲਾਵਾ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ, ਡਾ. ਇੰਦਰ ਮਾਨ, ਕਾਮਰੇਡ ਨਵਰੂਪ ਸਿੰਘ, ਹਰਦਮ ਸਿੰਘ ਮਾਨ, ਮਨਜਿੰਦਰ ਦਿਓਲ ਅਤੇ ਦੀਪਾ ਗਰੇਵਾਲ ਹਾਜਰ ਸਨ।
ਹਰਦਮ ਮਾਨ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025