ਅੰਮ੍ਰਿਤਧਾਰੀ ਖਾਲਸੇ ਨੂੰ ਪ੍ਰੇਮਾ-ਭਗਤੀ ਅਪਨਾਉਣ ਦੀ ਲੋੜ ਹੈ – ਠਾਕੁਰ ਦਲੀਪ ਸਿੰਘ

ਜੈਤੋ,17 ਫਰਵਰੀ 2023- ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਅੰਮ੍ਰਿਤਧਾਰੀ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਸੱਚੇ “ਖਾਲਸੇ” ਬਣਨ ਦੀ ਬੇਨਤੀ ਕੀਤੀ ਹੈ। ਆਪਣੇ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਅਨੁਸਾਰ ਪ੍ਰੇਮਾ-ਭਗਤੀ ਅਪਨਾ ਕੇ ਹੀ ਅਸਲੀ ਖਾਲਸੇ ਬਣ ਸਕਦੇ ਹਾਂ। ਸਿੱਖ ਪੰਥ ਵਿੱਚ ਪ੍ਰੇਮਾ-ਭਗਤੀ ਸਰਵ-ਸ੍ਰੇਸ਼ਟ ਅਤੇ ਸਭ ਤੋਂ ਉੱਤਮ ਭਗਤੀ ਮੰਨੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ”।

ਠਾਕੁਰ ਦਲੀਪ ਸਿੰਘ ਨੇ ਅੱਗੇ ਕਿਹਾ ਹੈ ਕਿ ਅਸੀਂ ਖਾਲਸਿਆਂ ਨੇ, ਪ੍ਰੇਮਾ-ਭਗਤੀ ਕਰਨੀ ਤਾਂ ਦੂਰ ਦੀ ਗੱਲ ਹੈ; ਅਸੀਂ ਤਾਂ ਪ੍ਰੇਮਾ-ਭਗਤੀ ਦਾ ਨਾਮ ਵੀ ਭੁੱਲ ਗਏ ਹਾਂ। ਅਸੀਂ ਅੰਮ੍ਰਿਤਧਾਰੀ ਖਾਲਸੇ; ਆਪਣੇ ਆਪ ਨੂੰ ਪੂਰਨ “ਸਿੱਖ” ਸਮਝਦੇ ਹਾਂ ਅਤੇ ਜਿਸ ਨੇ ਅੰਮ੍ਰਿਤ ਨਾ ਛਕਿਆ ਹੋਵੇ, ਉਹਨਾਂ ਨੂੰ ਅਸੀਂ ਸਿੱਖ ਹੀ ਨਹੀਂ ਸਮਝਦੇ। ਉਨ੍ਹਾਂ ਦੇ ਵਿਰੋਧ ਕਰਨ ਨੂੰ ਹੀ ਅਸੀਂ ਆਪਣਾ ਮੁੱਖ ਕੰਮ ਸਮਝ ਲਿਆ ਹੈ; ਜੋ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਫਿੱਕਾ ਬੋਲਣ ਵਾਲੇ ਨੂੰ ਦਰਗਾਹ ਵਿੱਚੋਂ ਕੱਢੇ ਜਾਣ ਅਤੇ ਜੁੱਤੀਆਂ ਵੱਜਣ ਦਾ ਬਚਨ ਕਰਦੇ ਹਨ:- “ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ”।

ਨਾਮਧਾਰੀ ਮੁਖੀ ਨੇ ਪ੍ਰੇਮਾ-ਭਗਤੀ ਨੂੰ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ “ਖਾਲਸਾ” ਸਾਜਿਆ ਸੀ ਅਤੇ ਉਹਨਾਂ ਨੇ ਵੀ ਪ੍ਰੇਮਾ-ਭਗਤੀ ਨੂੰ ਹੀ ਸਰਵੋਤਮ ਮੰਨਦੇ ਹੋਏ ਉਚਾਰਿਆ ਹੈ “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”। ਇਸ ਲਈ, ਆਪਾਂ ਵੀ ਆਪਣੇ ਗੁਰੂ ਜੀ ਦੇ ਹੁਕਮ ਅਨੁਸਾਰ ਪ੍ਰੇਮਾ-ਭਗਤੀ ਨੂੰ ਅਪਨਾਉਣਾ ਸ਼ੁਰੂ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਗੁਣ ਅਪਨਾ ਕੇ ਸੱਚੇ ਖਾਲਸੇ ਬਣੀਏ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles